March 12, 2025
#Punjab

ਅਗਾਮੀ ਲੋਕ ਸਭਾ ਚੋਣਾਂ ਦੌਰਾਨ ਵੋਟ ਦੇ ਹੱਕ ਦੀ ਵਰਤੋਂ ਕਰਨ ਲਈ ਕੀਤਾ ਜਾ ਰਿਹਾ ਜਾਗਰੂਕ

ਗੁਰਦਾਸਪੁਰ (ਲਵਪ੍ਰੀਤ ਸਿੰਘ ਖੁਸ਼ੀਪੁਰ) ਲੋਕ ਸਭਾ ਚੋਣਾਂ-2024 ਦੀਆਂ ਤਿਆਰੀਆਂ ਬਾਬਤ ਜ਼ਿਲ੍ਹਾ ਗੁਰਦਾਸਪੁਰ ਵਿੱਚ ਸਵੀਪ ਗਤੀਵਿਧੀਆਂ ਤੇਜ਼ੀ ਨਾਲ ਜਾਰੀ ਹਨ। ਸਿੱਖਿਆ ਵਿਭਾਗ ਵੱਲੋਂ ਸਵੀਪ ਗਤੀਵਿਧੀਆਂ ਤਹਿਤ ਜ਼ਿਲ੍ਹੇ ਦੇ ਵੱਖ-ਵੱਖ ਪੋਲਿੰਗ ਸਟੇਸ਼ਨਾਂ ਉੱਪਰ ਸਵੀਪ ਗਤੀਵਿਧੀਆਂ ਰਾਹੀਂ ਨਵੇਂ ਬਣੇ ਨੌਜਵਾਨ ਵੋਟਰਾਂ ਨੂੰ ਈ.ਵੀ.ਐੱਮ, ਵੀ.ਵੀ.ਪੈਟ ਸਮੇਤ ਸਮੁੱਚੀ ਚੋਣ ਪ੍ਰੀਕ੍ਰਿਆ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਵਧੀਕ ਜ਼ਿਲ੍ਹਾ ਚੋਣ ਅਧਿਕਾਰੀ-ਕਮ-ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ੍ਰੀ ਸੁਭਾਸ਼ ਚੰਦਰ ਨੇ ਦੱਸਿਆ ਕਿ ਚੋਣ ਕਮਿਸ਼ਨ ਵੱਲੋਂ ਦਿੱਤੀਆਂ ਹਦਾਇਤਾਂ ਅਨੁਸਾਰ ਇਸ ਵਾਰ 70 ਪਾਰ ਦੇ ਟੀਚੇ ਨੂੰ ਹਾਸਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਵੀਪ ਗਤੀਵਿਧੀਆਂ ਜਰੀਏ ਵਿਸ਼ੇਸ਼ ਜਾਗਰੂਕਤਾ ਮੁਹਿੰਮ ਚਲਾ ਕੇ ਲੋਕਾਂ ਨੂੰ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿਛਲੀਆਂ ਚੋਣਾਂ ਦੌਰਾਨ ਜਿਨ੍ਹਾਂ ਇਲਾਕਿਆਂ ਵਿਚ ਵੋਟ ਪ੍ਰਤੀਸ਼ਤ ਘੱਟ ਰਹੀ ਸੀ, ਉਨ੍ਹਾਂ ਖੇਤਰਾਂ ਦੀ ਨਿਸ਼ਾਨਦੇਹੀ ਕੀਤੀ ਗਈ ਹੈ ਅਤੇ ਉੱਥੇ ਵੋਟ ਪ੍ਰਤੀਸ਼ਤ ਵਧਾਉਣ ਲਈ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਟੀਚਾ ਪ੍ਰਾਪਤ ਕਰਨ ਲਈ ਚੋਣ ਕਮਿਸ਼ਨ ਵੱਲੋਂ ਪਬਲਿਸਿਟੀ ਮੋਬਾਈਲ ਵੈਨਾਂ ਦੀ ਮਦਦ ਵੀ ਲਈ ਜਾ ਰਹੀ ਹੈ। ਵਧੀਕ ਡਿਪਟੀ ਕਮਿਸ਼ਨਰ ਸ੍ਰੀ ਸੁਭਾਸ਼ ਚੰਦਰ ਨੇ ਕਿਹਾ ਕਿ ਜ਼ਿਲ੍ਹੇ ਦੇ ਸਕੂਲਾਂ ਅਤੇ ਕਾਲਜਾਂ ਵਿੱਚ ਜਿੱਥੇ ਇਲੈਕਟਰੋਲ ਲਿਟਰੇਸੀ ਕਲੱਬ ਬਣੇ ਹੋਏ ਹਨ, ਉੱਥੇ ਰੋਜ਼ਾਨਾ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਅਤੇ ਜਿਨ੍ਹਾਂ ਵਿੱਦਿਅਕ ਅਦਾਰਿਆਂ ਵਿੱਚ ਈ.ਐਲ.ਸੀ. ਕਲੱਬ ਨਹੀਂ ਹਨ ਉੱਥੇ ਕਲੱਬਾਂ ਦਾ ਗਠਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਲੋਕਤੰਤਰ ਵਿੱਚ ਵੋਟ ਦੀ ਮਹੱਤਤਾ ਸਬੰਧੀ ਜਾਗਰੂਕ ਕਰਨ ਲਈ ਕਵਿਤਾ, ਲੇਖ, ਪੇਂਟਿੰਗ ਅਤੇ ਰੰਗੋਲੀ ਵਰਗੇ ਮੁਕਾਬਲੇ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਵੋਟਰਾਂ ਨੂੰ ਚੋਣ ਕਮਿਸ਼ਨ ਵੱਲੋਂ ਚਲਾਈਆਂ ਜਾ ਰਹੀਆਂ ਮੋਬਾਈਲ ਐਪਜ਼ ਸਬੰਧੀ ਵੀ ਜਾਗਰੂਕ ਕੀਤਾ ਜਾ ਰਿਹਾ ਹੈ।

Leave a comment

Your email address will not be published. Required fields are marked *