ਅਯੁਧਿਆ ਚ ਰਾਮਲਲਾ ਦੀ ਮੂਰਤੀ ਸਥਾਪਨਾ ਦੇ ਸਬੰਧ ਚ ਵਿਸ਼ਾਲ ਸ਼ੋਭਾ ਯਾਤਰਾ

ਫਗਵਾੜਾ 22 ਜਨਵਰੀ (ਸ਼ਿਵ ਕੋੜਾ) ਅਯੁਧਿਆ ਵਿਖੇ ਭਗਵਾਨ ਸ੍ਰੀ ਰਾਮ ਚੰਦਰ ਜੀ ਦੇ ਜਨਮ ਅਸਥਾਨ ‘ਤੇ ਨਵੇਂ ਉਸਾਰੇ ਮੰਦਿਰ ‘ਚ ਅੱਜ ਹੋਈ ਰਾਮਲਲਾ ਦੀ ਮੂਰਤੀ ਸਥਾਪਨਾ ਦੀ ਖੁਸ਼ੀ ‘ਚ ਸ਼ਿਵ ਭਗਵਤੀ ਮੰਦਿਰ ਚੱਕ ਪ੍ਰੇਮਾ ਅਤੇ ਸ਼ਿਵ ਸ਼ਕਤੀ ਮੰਦਿਰ ਗੁਲਾਬਗੜ੍ਹ ਦੀਆਂ ਪ੍ਰਬੰਧਕ ਕਮੇਟੀਆਂ ਵਲੋਂ ਸਾਂਝਾ ਉਪਰਾਲਾ ਕਰਦੇ ਹੋਏ ਇਲਾਕੇ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਵਿਸ਼ਾਲ ਸ਼ੋਭਾ ਯਾਤਰਾ ਸਜਾਈ ਗਈ। ਇਸ ਤੋਂ ਪਹਿਲਾਂ ਸਵੇਰੇ ਚੱਕ ਪ੍ਰੇਮਾ ਮੰਦਿਰ ਵਿਖੇ ਰਾਮਾਇਣ ਪਾਠ ਦਾ ਭੋਗ ਪਾਇਆ ਗਿਆ। ਜਿਸ ਤੋਂ ਬਾਅਦ ਪੰਡਿਤ ਯੋਗਿੰਦਰ ਕੁਮਾਰ ਨੇ ਵਿਸ਼ਵ ਸ਼ਾਂਤੀ ਦੀ ਅਰਦਾਸ ਕਰਦੇ ਹੋਏ ਬੈਂਡ ਬਾਜਿਆਂ ਨਾਲ ਸ਼ੋਭਾ ਯਾਤਰਾ ਦਾ ਸ਼ੁੱਭ ਆਰੰਭ ਕਰਵਾਇਆ। ਭਾਜਪਾ ਦੇ ਸੀਨੀਅਰ ਨੌਜਵਾਨ ਆਗੂ ਆਸ਼ੂ ਸਾਂਪਲਾ ਸ਼ੋਭਾ ਯਾਤਰਾ ‘ਚ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਸੰਗਤ ਨੂੰ ਰਾਮਲਲਾ ਦੀ ਮੂਰਤੀ ਸਥਾਪਨਾ ਦੀ ਵਧਾਈ ਦਿੱਤੀ। ਇਹ ਸ਼ੋਭਾ ਯਾਤਰਾ ਵਾਇਆ ਪਿੰਡ ਵਰਿਆਹਾਂ ਹੁੰਦੇ ਹੋਏ ਸ਼ਿਵ ਸ਼ਕਤੀ ਮੰਦਿਰ ਗੁਲਾਬਗੜ੍ਹ ਵਿਖੇ ਪਹੁੰਚੀ ਅਤੇ ਫਿਰ ਵਾਪਸੀ ਚੱਕ ਪ੍ਰੇਮਾ ਮੰਦਿਰ ਵਿਖੇ ਪੁੱਜ ਕੇ ਸ਼ੋਭਾ ਯਾਤਰਾ ਦਾ ਸਮਾਪਨ ਹੋਇਆ। ਇਸ ਸ਼ੋਭਾ ਯਾਤਰਾ ਦਾ ਥਾਂ-ਥਾਂ ਤੇ ਸੰਗਤਾਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ। ਸ਼ੋਭਾ ਯਾਤਰਾ ਦੌਰਾਨ ਫੁੱਲਾਂ ਨਾਲ ਸਜਾਈ ਭਗਵਾਨ ਰਾਮ ਪਰਿਵਾਰ ਦੀ ਝਾਕੀ ਵਿਸ਼ੇਸ਼ ਖਿਚ ਦਾ ਕੇਂਦਰ ਰਹੀ। ਸੰਗਤਾਂ ਨੇ ਨਤਮਸਤਕ ਹੋ ਕੇ ਭਗਵਾਨ ਸ੍ਰੀ ਰਾਮ ਚੰਦਰ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਸੰਗਤਾਂ ਦੀ ਸੇਵਾ ‘ਚ ਫਲ ਫਰੂਟ, ਲੱਡੂ, ਚਾਹ ਤੇ ਪਕੌੜਿਆਂ ਸਮੇਤ ਤਰ੍ਹਾਂ-ਤਰ੍ਹਾਂ ਦੇ ਲੰਗਰਾਂ ਦੀ ਸੇਵਾ ਅਤੁੱਟ ਵਰਤਾਈ ਗਈ। ਸੰਗਤਾਂ ਵਲੋਂ ਭਗਵਾਨ ਰਾਮ ਜੀ ਦੇ ਭਜਨਾ ਦਾ ਸੁੰਦਰ ਗੁਣਗਾਨ ਵੀ ਕੀਤਾ ਗਿਆ। ਰਾਤ ਸਮੇਂ ਮੰਦਿਰਾਂ ‘ਚ ਦੀਪਮਾਲਾ ਵੀ ਕੀਤੀ ਗਈ।
