ਇਨਕਮ ਟੈਕਸ ਵਿਭਾਗ ਨੇ ਕਾਂਗਰਸ ਦੇ ਬੈਂਕ ਖਾਤੇ ’ਚੋਂ ਟੈਕਸ ਦੇ 65 ਕਰੋੜ ਰੁਪਏ ਕੀਤੇ ਬਰਾਮਦ – ਸੂਤਰ

ਨਵੀਂ ਦਿੱਲੀ, ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਇਨਕਮ ਟੈਕਸ ਵਿਭਾਗ ਨੇ ਕੱਲ੍ਹ ਇੰਡੀਅਨ ਨੈਸ਼ਨਲ ਕਾਂਗਰਸ ਦੇ ਖਾਤੇ ਵਿਚੋਂ ਕੁੱਲ 115 ਕਰੋੜ ਰੁਪਏ ਦੇ ਟੈਕਸ ਬਕਾਇਆ ਵਿਚੋਂ 65 ਕਰੋੜ ਰੁਪਏ ਬਰਾਮਦ ਕਰ ਲਏ ਹਨ। ਕਾਂਗਰਸ ਪਾਰਟੀ ਨੇ ਅੱਜ ਇਸ ਵਸੂਲੀ ਵਿਰੁੱਧ ਇਨਕਮ ਟੈਕਸ ਅਪੀਲੀ ਟ੍ਰਿਬਿਊਨਲ (ਆਈ.ਟੀ.ਏ.ਟੀ.) ਕੋਲ ਪਹੁੰਚ ਕੀਤੀ ਹੈ ਅਤੇ ਸ਼ਿਕਾਇਤ ਦਰਜ ਕਰਵਾਈ ਹੈ। ਸ਼ਿਕਾਇਤ ਵਿਚ ਕਾਂਗਰਸ ਨੇ ਕਿਹਾ ਕਿ ਆਮਦਨ ਕਰ ਵਿਭਾਗ ਨੇ ਬੈਂਚ ਦੇ ਸਾਹਮਣੇ ਹੋਣ ਵਾਲੀ ਸੁਣਵਾਈ ਦੇ ਨਤੀਜੇ ਦਾ ਇੰਤਜ਼ਾਰ ਕੀਤੇ ਬਿਨਾਂ ਬੈਂਕਾਂ ਕੋਲ ਪਏ ਕੁਝ ਬਕਾਏ ਨੂੰ ਨਗਦ ਕਰ ਕੇ ਆਪਣੀ ਨੀਤੀ ਲਾਗੂ ਕੀਤੀ ਹੈ। ਕਾਂਗਰਸ ਨੇ ਅਪੀਲ ਕੀਤੀ ਕਿ ਸਟੇਅ ਦੀ ਅਰਜ਼ੀ ਦੇ ਨਿਪਟਾਰੇ ਤੱਕ ਵਿਭਾਗ ਅੱਗੇ ਕਾਰਵਾਈ ਨਾ ਕਰੇ। ਟ੍ਰਿਬਿਊਨਲ ਨੇ ਮਾਮਲੇ ਦੀ ਸੁਣਵਾਈ ਹੋਣ ਤੱਕ ਸਥਿਤੀ ਜਿਉਂ ਦੀ ਤਿਉਂ ਬਣਾਈ ਰੱਖਣ ਦਾ ਨਿਰਦੇਸ਼ ਦਿੱਤਾ ਹੈ। ਮਾਮਲਾ ਦੁਪਹਿਰ 2:30 ਵਜੇ ਲਈ ਸੂਚੀਬੱਧ ਕੀਤਾ ਗਿਆ ਹੈ।
