August 6, 2025
#National

ਇਸ ਵਾਰ 70 ਪਾਰ” ਦੇ ਨਾਅਰੇ ਨੂੰ ਹਕੀਕੀ ਰੂਪ ਦੇਣ ਲਈ ਸਵੀਪ ਮੁਹਿੰਮ ਤਹਿਤ ਜਾਗਰੂਕਤਾ ਵੈਨਾਂ ਵੱਲੋਂ ਵੋਟਰਾਂ ਨੂੰ ਕੀਤਾ ਜਾ ਰਿਹਾ ਹੈ ਜਾਗਰੂਕ

ਗੁਰਦਾਸਪੁਰ (ਲਵਪ੍ਰੀਤ ਸਿੰਘ ਖੁਸ਼ੀਪੁਰ) ਚੋਣ ਕਮਿਸ਼ਨ ਵੱਲੋਂ ਅਗਾਮੀ ਲੋਕ ਸਭਾ ਚੋਣਾਂ ਲਈ ਦਿੱਤੇ ਗਏ ਨਾਅਰੇ “ਇਸ ਵਾਰ 70 ਪਾਰ” ਨੂੰ ਹਕੀਕੀ ਰੂਪ ਵਿੱਚ ਲਾਗੂ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਜੋ ਵੱਧ ਤੋਂ ਵੱਧ ਵੋਟਰਾਂ ਦੀ ਸ਼ਮੂਲੀਅਤ ਨਾਲ ਲੋਕਤੰਤਰ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ। ਇਨ੍ਹਾਂ ਯਤਨਾਂ ਤਹਿਤ ਜ਼ਿਲ੍ਹੇ ਦੇ ਹਰ ਵਿਧਾਨ ਸਭਾ ਹਲਕੇ ਵਿੱਚ ਦੋ-ਦੋ ਜਾਗਰੂਕਤਾ ਵੈਨਾਂ ਰਾਹੀਂ ਪੋਲਿੰਗ ਬੂਥਾਂ ਉੱਪਰ ਪਹੁੰਚ ਕੇ ਵੋਟਰਾਂ ਨੂੰ ਵੋਟ ਦੇ ਹੱਕ ਦਾ ਇਸਤੇਮਾਲ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।ਜਾਗਰੂਕਤਾ ਵੈਨ ਰਾਹੀਂ ਵੋਟਰਾਂ ਨੂੰ ਈ.ਵੀ.ਐੱਮ. ਅਤੇ ਵੀ.ਵੀ.ਪੈਟ ਮਸ਼ੀਨਾਂ ਦੀ ਵਰਤੋਂ ਬਾਰੇ ਪ੍ਰੈਕਟੀਕਲ ਟਰੇਨਿੰਗ ਦਿੱਤੀ ਜਾ ਰਹੀ ਹੈ ਇਸਦੇ ਨਾਲ ਹੀ ਵੋਟਰਾਂ ਨੂੰ ਚੋਣ ਕਮਿਸ਼ਨ ਵੱਲੋਂ ਚਲਾਈਆਂ ਜਾ ਰਹੀਆਂ ਮੋਬਾਈਲ ਐਪਜ਼ ਸਬੰਧੀ ਵੀ ਜਾਗਰੂਕ ਕੀਤਾ ਜਾ ਰਿਹਾ ਹੈ ਤਾਂ ਜੋ ਉਹ ਆਪਣੇ ਵੋਟ ਬਣਾਉਣ ਅਤੇ ਵੋਟਾਂ ਸਬੰਧੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਐਪ ਦੀ ਵਰਤੋਂ ਕਰ ਸਕਣ। ਵੋਟਰਾਂ ਵੱਲੋਂ ਵੀ ਪੂਰੇ ਉਤਸ਼ਾਹ ਨਾਲ ਇਸ ਜਾਗਰੂਕਤਾ ਮੁਹਿੰਮ ਵਿੱਚ ਹਿੱਸਾ ਲਿਆ ਜਾ ਰਿਹਾ ਹੈ।ਚੋਣ ਤਹਿਸੀਲਦਾਰ ਗੁਰਦਾਸਪੁਰ ਸ. ਮਨਜਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਇਸ ਵਾਰ 70 ਪਾਰ ਦੇ ਟੀਚੇ ਨੂੰ ਪੂਰਾ ਕਰਨ ਲਈ ਪਿਛਲੀਆਂ ਚੋਣਾਂ ਦੌਰਾਨ ਜਿਨ੍ਹਾਂ ਇਲਾਕਿਆਂ ਵਿਚ ਵੋਟ ਪ੍ਰਤੀਸ਼ਤ ਘੱਟ ਰਹੀ ਸੀ, ਉਨ੍ਹਾਂ ਖੇਤਰਾਂ ਦੀ ਨਿਸ਼ਾਨਦੇਹੀ ਕੀਤੀ ਗਈ ਹੈ ਅਤੇ ਉੱਥੇ ਵੋਟ ਪ੍ਰਤੀਸ਼ਤ ਵਧਾਉਣ ਲਈ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਵੋਟ ਬਣਾਉਣਾ ਤੇ ਉਸ ਦਾ ਸਹੀ ਇਸਤੇਮਾਲ ਕਰਨਾ ਸਾਡੀ ਸਮਾਜ ਪ੍ਰਤੀ ਜ਼ਿੰਮੇਵਾਰੀ ਬਣਦੀ ਹੈ ਅਤੇ ਆਪਣੇ ਸੰਵਿਧਾਨਕ ਹੱਕ ਦੀ ਪੂਰਤੀ ਲਈ ਸਾਨੂੰ ਸਾਰਿਆਂ ਨੂੰ ਮੋਹਰੀ ਹੋ ਕੇ ਆਪਣੀ ਵੋਟ ਦਾ ਇਸਤੇਮਾਲ ਕਰਨਾ ਚਾਹੀਦਾ ਹੈ।

Leave a comment

Your email address will not be published. Required fields are marked *