September 28, 2025
#Punjab

ਇੰਸਪੈਕਟਰ ਜਸਵਿੰਦਰ ਸਿੰਘ ਢੀਂਡਸਾ ਵੱਲੋਂ ਆਵਾਜਾਈ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਹੁੱਲੜਬਾਜ਼ਾਂ ਦਾ ਕਸਿਆ ਸ਼ਿਕੰਜਾ

ਬਰਨਾਲਾ 26 ਮਾਰਚ (ਹਰਮਨ) ਜ਼ਿਲ੍ਹਾ ਟ੍ਰੈਫਿਕ ਇੰਚਾਰਜ ਇੰਸਪੈਕਟਰ ਜਸਵਿੰਦਰ ਸਿੰਘ ਢੀਂਡਸਾ ਵੱਲੋਂ ਸ਼ਹਿਰ ਦੇ ਬਾਜ਼ਾਰਾਂ ਵਿੱਚ ਹੋਲੀ ਦੇ ਤਿਉਹਾਰ ਨੂੰ ਮੱਦੇਨਜ਼ਰ ਰੱਖਦੇ ਹੋਏ ਬੁਲਟ ਮੋਟਰਸਾਈਕਲਾਂ ਅਤੇ ਹੋਰ ਵਹੀਕਲਾਂ ਤੇ ਸਵਾਰ ਹੋ ਕੇ ਹੁੱਲੜਬਾਜ਼ੀ ਕਰਨ ਵਾਲਿਆਂ ਦਾ ਸ਼ਿਕੰਜਾ ਕਸ ਕੇ ਉਹਨਾਂ ਦੇ ਵੱਡੀ ਮਾਤਰਾ ਵਿੱਚ ਚਲਾਣ ਕੱਟੇ ਗਏ । ਇਸ ਸਬੰਧੀ ਜਾਣਕਾਰੀ ਦਿੰਦਿਆਂ ਇੰਸਪੈਕਟਰ ਜਸਵਿੰਦਰ ਸਿੰਘ ਢੀਂਡਸਾ ਨੇ ਦੱਸਿਆ ਕਿ ਵੱਡੀ ਗਿਣਤੀ ਵਿੱਚ ਬੁਲਟ ਮੋਟਰਸਾਈਕਲ ਸਵਾਰਾਂ ਵੱਲੋਂ ਪਟਾਕੇ ਪਾਕੇ ਸ਼ੋਰ ਪ੍ਰਦੂਸ਼ਣ ਕਰਨ ਵਾਲਿਆਂ ਅਤੇ ਵੱਡੇ ਹਾਰਨ ਵਜਾ ਕੇ ਦੋ ਪਹੀਆ ਵਾਹਨਾਂ ਉੱਪਰ ਤਿੰਨ-ਤਿੰਨ, ਚਾਰ- ਚਾਰ ਸਵਾਰ ਹੁੱਲੜਬਾਜ਼ਾਂ ਦੇ ਵੱਡੀ ਗਿਣਤੀ ਵਿੱਚ ਚਲਾਣ ਕੱਟੇ ਗਏ ਤਾਂ ਜ਼ੋ ਸ਼ਹਿਰ ਵਾਸੀ ਅਮਨ ਅਮਾਨ ਨਾਲ ਹੋਲੀ ਦਾ ਤਿਉਹਾਰ ਮਨਾ ਸਕਣ। ਉਹਨਾਂ ਦੱਸਿਆ ਕਿ ਬਿਨਾਂ ਕਾਗਜ਼ ਪੱਤਰਾਂ ਦੇ ਵਾਹਨਾਂ ਨੂੰ ਜਿੱਥੇ ਬੰਦ ਕੀਤਾ ਗਿਆ ਉੱਥੇ ਹੀ ਸ਼ਰਾਬ ਪੀ ਕੇ ਵਾਹਨ ਚਲਾਉਣ ਵਾਲੇ ਨੌਜਵਾਨਾਂ ਦੇ ਵੀ ਚਲਾਨ ਕੱਟੇ ਗਏ। ਉਹਨਾਂ ਸਮੂਹ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ 18 ਸਾਲ ਦੀ ਉਮਰ ਤੋਂ ਪਹਿਲਾਂ ਦੋ ਪਹੀਆ ਜਾਂ ਚਾਰ ਪਹੀਆ ਵਾਹਨ ਦੇ ਕੇ ਸੜਕਾਂ ਉੱਪਰ ਨਾ ਭੇਜਣ। ਉੱਧਰ ਦੂਜੇ ਪਾਸੇ ਹੋਲੀ ਦੇ ਤਿਉਹਾਰ ਮੌਕੇ ਬੁੱਲੇਟ ਮੋਟਰਸਾਈਕਲ ਸਵਾਰਾਂ ਵੱਲੋਂ ਪਟਾਕੇ ਪਾਕੇ ਕੀਤੀ ਜਾਂਦੀ ਹੁੱਲੜਬਾਜ਼ੀ ਨੂੰ ਰੋਕਣ ਲਈ ਸ਼ਹਿਰ ਦੇ ਪਤਵੰਤਿਆਂ ਵੱਲੋਂ ਟਰੈਫਿਕ ਇੰਚਾਰਜ ਇੰਸਪੈਕਟਰ ਜਸਵਿੰਦਰ ਸਿੰਘ ਢੀਂਡਸਾ ਅਤੇ ਸਮੁੱਚੀ ਬਰਨਾਲਾ ਟ੍ਰੈਫਿਕ ਪੁਲਿਸ ਦੀ ਸ਼ਲਾਘਾ ਕੀਤੀ ਗਈ। ਇਸ ਸਬੰਧੀ ਹਿੰਦ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦੇ ਸੀਨੀਅਰ ਆਗੂ ਕਾਮਰੇਡ ਸੁਰਿੰਦਰ ਸਿੰਘ ਦਰਦੀ ਅਤੇ ਮੰਗਤ ਮੰਗਾ ਨੇ ਕਿਹਾ ਕਿ ਪਹਿਲਾਂ ਹੋਲੀ ਦੇ ਤਿਉਹਾਰ ਮੌਕੇ ਹੁੱਲੜਬਾਜ਼ਾਂ ਵੱਲੋਂ ਜਿੱਥੇ ਕਿ ਰੱਜ ਕੇ ਹੁੱਲੜਬਾਜ਼ੀ ਕੀਤੀ ਜਾਂਦੀ ਸੀ ਉਥੇ ਹੀ ਧੀਆਂ ਭੈਣਾਂ ਦਾ ਘਰੋਂ ਬਾਹਰ ਨਿਕਲਣਾ ਵੀ ਮੁਸ਼ਕਿਲ ਹੋ ਜਾਂਦਾ ਸੀ ਪਰ ਇਸ ਵਾਰ ਟ੍ਰੈਫਿਕ ਪੁਲਿਸ ਦੀ ਮੁਸਤੈਦੀ ਕਾਰਨ ਸਮੂਹ ਸ਼ਹਿਰ ਵਾਸੀਆਂ ਵੱਲੋਂ ਅਮਨ ਅਮਾਨ ਨਾਲ ਹੋਲੀ ਦੇ ਤਿਉਹਾਰ ਦਾ ਆਨੰਦ ਮਾਣਿਆ ਗਿਆ। ਉਹਨਾਂ ਟ੍ਰੈਫਿਕ ਇੰਚਾਰਜ ਇੰਸਪੈਕਟਰ ਜਸਵਿੰਦਰ ਸਿੰਘ ਢੀਂਡਸਾ ਨੂੰ ਅਪੀਲ ਕੀਤੀ ਕਿ ਬਾਜ਼ਾਰਾਂ ਵਿੱਚ ਟਰੈਫਿਕ ਪੁਲਸ ਵੱਲੋਂ ਕੀਤੀ ਗਈ ਸਖ਼ਤਾਈ ਕਾਰਨ ਹੁਣ ਹੁੱਲੜਬਾਜ਼ਾਂ , ਨਸ਼ੇੜੀਆਂ ਅਤੇ ਨਸ਼ੇ ਦੇ ਸੌਦਾਗਰਾਂ ਵੱਲੋਂ ਲੱਖੀ ਕਲੋਨੀ ਤੋਂ ਧਨੌਲਾ ਰੋਡ ਵਾਲੀ ਸੜਕ ਉੱਪਰ ਤੇਜ਼ ਰਫ਼ਤਾਰ ਵਾਹਨਾਂ ਰਾਹੀਂ ਲੱਖੀ ਕਲੋਨੀ, ਨਾਨਕਸਰ ਬਸਤੀ , ਗਿੱਲ ਨਗਰ ਅਤੇ ਦਸ਼ਮੇਸ਼ ਨਗਰ ਦੇ ਬਾਸ਼ਿੰਦਿਆਂ ਦੀ ਜਾਨ ਨੂੰ ਸੁੱਕਣੇ ਪਾਇਆ ਹੋਇਆ ਹੈ ਅਤੇ ਜਲਦੀ ਹੀ ਇਸ ਇਲਾਕੇ ਵਿੱਚ ਨਾਕੇ ਲਗਾ ਕੇ ਆਮ ਲੋਕਾਂ ਨੂੰ ਇਸ ਪ੍ਰੇਸ਼ਾਨੀ ਤੋਂ ਨਿਜ਼ਾਤ ਦਿਵਾਈ ਜਾਵੇ।

Leave a comment

Your email address will not be published. Required fields are marked *