ਐਸ.ਪੀ. ਰੁਪਿੰਦਰ ਕੌਰ ਭੱਟੀ ਵਰਗੀ ਨਿਡਰ ਅਧਿਕਾਰੀ ਦਾ ਸਹਿਯੋਗ ਕਰਨਾ ਸਮੂਹ ਨਾਗਰਿਕਾਂ ਦਾ ਮੁਢਲਾ ਫਰਜ਼ – ਡਾ. ਭਾਟੀਆ

ਫਗਵਾੜਾ (ਸ਼ਿਵ ਕੋੜਾ) ਫਗਵਾੜਾ ਸਬ-ਡਵੀਜਨ ‘ਚ ਬਤੌਰ ਐਸ.ਪੀ. ਤਾਇਨਾਤੀ ਦੇ ਤੁਰੰਤ ਬਾਅਦ ਹੀ ਮਹੇੜੂ ਦੇ ਨਜਦੀਕ ਲਾਅ ਗੇਟ ਵਿਖੇ ਵੱਡਾ ਆਪ੍ਰੇਸ਼ਨ ਚਲਾ ਕੇ ਲੰਬੇ ਸਮੇਂ ਤੋਂ ਚੱਲ ਰਹੇ ਸੈਕਸ ਰੈਕਟ ਦਾ ਪਰਦਾਫਾਸ਼ ਕਰਨ ਵਾਲੀ ਲੇਡੀ ਐਸ.ਪੀ. ਰੁਪਿੰਦਰ ਕੌਰ ਭੱਟੀ ਦੀ ਸ਼ਲਾਘਾ ਕਰਦੇ ਹੋਏ ਸਮਾਜ ਸੇਵਕ ਡਾ. ਅਸ਼ੋਕ ਭਾਟੀਆ ਨੇ ਕਿਹਾ ਕਿ ਜਦੋਂ ਤੋਂ ਉਹਨਾਂ ਨੇ ਫਗਵਾੜਾ ਵਿਖੇ ਚਾਰਜ ਲਿਆ ਹੈ, ਇਸ ਖੇਤਰ ‘ਚ ਸਰਗਰਮ ਸਮਾਜ ਵਿਰੋਧੀ ਅਨਸਰਾਂ ‘ਚ ਖੌਫ ਪੈਦਾ ਹੋ ਗਿਆ ਹੈ। ਡਾ. ਭਾਟੀਆ ਨੇ ਐਸ.ਪੀ. ਰੁਪਿੰਦਰ ਕੌਰ ਭੱਟੀ ਨਾਲ ਮੁਲਾਕਾਤ ਦੌਰਾਨ ਗੁਲਦਸਤਾ ਭੇਂਟ ਕਰਦਿਆਂ ਉਹਨਾਂ ਦੀ ਨਿਯੁਕਤੀ ਦਾ ਸਵਾਗਤ ਕੀਤਾ ਅਤੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਫਗਵਾੜਾ ਦੇ ਵਸਨੀਕਾਂ ਦੀ ਇਹ ਖੁਸ਼ ਨਸੀਬੀ ਹੈ ਕਿ ਲੰਬੇ ਸਮੇਂ ਬਾਅਦ ਫਗਵਾੜਾ ਨੂੰ ਬਤੌਰ ਐਸ.ਪੀ. ਰੁਪਿੰਦਰ ਕੌਰ ਭੱਟੀ (ਪੀ.ਪੀ.ਐਸ.) ਦੇ ਰੂਪ ਵਿਚ ਇਕ ਨਿਡਰ ਤੇ ਡਿਊਟੀ ਪ੍ਰਤੀ ਸਮਰਪਿਤ ਅਧਿਕਾਰੀ ਦੀਆਂ ਸੇਵਾਵਾਂ ਲੈਣ ਦਾ ਮੌਕਾ ਮਿਲਿਆ ਹੈ। ਉਹਨਾਂ ਕਿਹਾ ਕਿ ਸਮਾਜ ਵਿਰੋਧੀ ਅਨਸਰਾਂ ਨੂੰ ਨੱਥ ਪਾਉਣ ਅਤੇ ਨਸ਼ਿਆਂ ਦੀ ਰੋਕਥਾਮ ਲਈ ਅਜਿਹੇ ਅਧਿਕਾਰੀ ਦਾ ਹਰ ਸੰਭਵ ਸਹਿਯੋਗ ਕਰਨਾ ਸਮੂਹ ਨਾਗਰਿਕਾਂ ਦਾ ਵੀ ਫਰਜ਼ ਹੈ।
