ਐੱਮ.ਡੀ.ਦਯਾਨੰਦ ਮਾਡਲ ਸਕੂਲ ਨਕੋਦਰ ਵਿਖੇ ਵਿਦਿਆਰਥੀਆਂ ਦੇ ਮਾਪਿਆਂ ਲਈ ਓਰੀਐਂਟੇਸ਼ਨ ਪ੍ਰੋਗਰਾਮ ਦਾ ਆਯੋਜਨ

ਨਕੋਦਰ, ਐੱਮ.ਡੀ.ਦਯਾਨੰਦ ਮਾਡਲ ਸਕੂਲ ਨਕੋਦਰ ਵਿਖੇ ਪ੍ਰਿੰਸੀਪਲ ਸ੍ਰੀ ਬਲਜਿੰਦਰ ਸਿੰਘ ਜੀ ਦੀ ਯੋਗ ਅਗਵਾਈ ਹੇਠ ਜਮਾਤ ਤੀਜੀ ਅਤੇ ਜਮਾਤ ਗਿਆਰ੍ਹਵੀਂ ਦੇ ਵਿਦਿਆਰਥੀਆਂ ਦੇ ਮਾਪਿਆਂ ਲਈ ਇੱਕ ਰੋਜ਼ਾ ਓਰੀਐਂਟੇਸ਼ਨ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ।ਸਕੂਲ ਦੇ ਪ੍ਰਿੰਸੀਪਲ ਸ੍ਰੀ ਬਲਜਿੰਦਰ ਸਿੰਘ ਜੀ ਨੇ ਆਏ ਹੋਏ ਸਮੂਹ ਮਾਪਿਆਂ ਨੂੰ ਜੀ ਆਇਆਂ ਆਖਿਆ। ਉਨ੍ਹਾਂ ਆਪਣੇ ਸੰਬੋਧਨ ਵਿੱਚ ਕਿਹਾ ਕਿ ਮਾਪੇ ਅਤੇ ਅਧਿਆਪਕ ਦੋਵੇਂ ਹੀ ਵਿਦਿਆਰਥੀ ਰੂਪੀ ਗੱਡੀ ਦੇ ਪਹੀਏ ਹਨ ਜੋ ਵਿਦਿਆਰਥੀ ਨੂੰ ਤਰੱਕੀ ਦੀ ਮੰਜ਼ਿਲ ‘ਤੇ ਲਿਜਾ ਸਕਦੇ ਹਨ। ਇਸ ਪ੍ਰੋਗਰਾਮ ਦਾ ਉਦੇਸ਼ ਵਿਦਿਆਰਥੀਆਂ ਦੇ ਮਾਪਿਆਂ ਨੂੰ ਪਾਠਕ੍ਰਮ ਅਤੇ ਉਸ ਨਾਲ ਸੰਬੰਧਿਤ ਮੁਲਾਂਕਣ ਦੀਆਂ ਨਵੀਆਂ ਵਿਧੀਆਂ ਦੀ ਜਾਣਕਾਰੀ ਮੁਹੱਈਆ ਕਰਵਾਉਣਾ ਸੀ। ਵਿਦਿਆਰਥੀਆਂ ਦੇ ਮਾਤਾ-ਪਿਤਾ ਵੱਲੋਂ ਅਧਿਆਪਕਾਂ ਦੁਆਰਾ ਪ੍ਰਦਾਨ ਕੀਤੀ ਗਈ ਇਸ ਵਿਸ਼ੇਸ਼ ਜਾਣਕਾਰੀ ਦਾ ਭਰਪੂਰ ਲਾਭ ਲਿਆ ਗਿਆ। ਵੱਖ-ਵੱਖ ਵਿਸ਼ਿਆਂ ਦੇ ਮਾਹਰ ਅਧਿਆਪਕਾਂ ਵੱਲੋਂ ਮਾਪਿਆਂ ਦੁਆਰਾ ਵਿਦਿਆਰਥੀਆਂ ਦੇ ਪਾਠਕ੍ਰਮ ਨਾਲ ਸੰਬੰਧਿਤ ਪੁੱਛੇ ਗਏ ਪ੍ਰਸ਼ਨਾਂ ਦੇ ਯੋਗ ਉੱਤਰ ਦਿੱਤੇ ਗਏ। ਅੰਤ ਵਿੱਚ ਸਕੂਲ ਦੇ ਪ੍ਰਿੰਸੀਪਲ ਸ੍ਰੀ ਬਲਜਿੰਦਰ ਸਿੰਘ ਜੀ ਨੇ ਆਏ ਹੋਏ ਸਮੂਹ ਮਾਪਿਆਂ ਦਾ ਧੰਨਵਾਦ ਕੀਤਾ।
