ਕੈਬਨਿਟ ਮੰਤਰੀ ਬਲਕਾਰ ਸਿੰਘ ਦੀ ਅਗਵਾਈ ਹੇਠ ਪਵਨ ਕੁਮਾਰ ਟੀਨੂੰ ਦੇ ਹੱਕ ਚ ਕੱਢਿਆ ਗਿਆ ਰੋਡ ਸ਼ੋਅ,

ਜਲੰਧਰ/ਕਰਤਾਰਪੁਰ (ਨਿ.ਪ.ਪ.) ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅਕਾਲੀ-ਭਾਜਪਾ ਅਤੇ ਕਾਂਗਰਸ ਦੇ ਮੁੱਖ ਮੰਤਰੀਆਂ ਨੇ ਸੂਬੇ ਦੇ ਵਿਕਾਸ ਵੱਲ ਧਿਆਨ ਨਹੀਂ ਦਿੱਤਾ ਅਤੇ ਉਹ ਜਿੱਤ ਕੇ ਆਪਣੇ ਮਹਿਲਾਂ ਅੰਦਰ ਵੜ ਕੇ ਕੁੰਡੀ ਲਗਾ ਲੈਂਦੇ ਸਨ, ਜਦੋਂ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਵਾ ਦੋ ਸਾਲ ਦੇ ਸਮੇਂ ਵਿੱਚ ਸੂਬੇ ਦੇ ਕੰਮ ਕਰਨ ਦੇ ਨਾਲ ਲੋਕਾਂ ਦਾ ਦਿਲ ਜਿੱਤਿਆ ਹੈ। ਉਨ੍ਹਾਂ ਕਰਤਾਰਪੁਰ ਵਿੱਚ ਕੈਬਨਿਟ ਮੰਤਰੀ ਬਲਕਾਰ ਸਿੰਘ ਦੀ ਅਗਵਾਈ ਵਿੱਚ ਪਵਨ ਕੁਮਾਰ ਟੀਨੂ ਦੇ ਹੱਕ ਵਿੱਚ ਕੀਤੇ ਰੋਡ ਸ਼ੋਅ ਦੌਰਾਨ ਕੈਪਟਨ ਅਮਰਿੰਦਰ ਸਿੰਘ ਅਤੇ ਸੁਖਬੀਰ ਸਿੰਘ ਬਾਦਲ ’ਤੇ ਸਿਆਸੀ ਹਮਲੇ ਕਰਦਿਆਂ ਕਿਹਾ ਕਿ ਤਾਪਮਾਨ ਵਧਣ ਕਾਰਨ ਇਹ ਦੋਵੇਂ ਆਪਣੇ ਮਹਿਲਾਂ ਵਿੱਚੋਂ ਨਹੀਂ ਨਿਕਲਦੇ ਸਨ। ਭਗਵੰਤ ਮਾਨ ਨੇ ਕਿਹਾ ਕਿ ਜੇਕਰ ਕੋਈ ਸਿਆਸੀ ਧਿਰ ਉਨ੍ਹਾਂ ਖ਼ਿਲਾਫ਼ ਭ੍ਰਿਸ਼ਟਾਚਾਰ ਸਾਬਿਤ ਕਰਦੀ ਹੈ ਤਾਂ ਉਹ ਉਨ੍ਹਾਂ ਲਈ ਜ਼ਹਿਰ ਦੀ ਗੋਲੀ ਵਾਂਗ ਹੋਵੇਗਾ।
ਕੈਬਨਿਟ ਮੰਤਰੀ ਬਲਕਾਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਪੰਜਾਬ ਤਰੱਕੀ ਕਰ ਰਿਹਾ ਹੈ। ਜਲੰਧਰ ਤੋਂ ਲੋਕ ਸਭਾ ਦੇ ਉਮੀਦਵਾਰ ਪਵਨ ਕੁਮਾਰ ਟੀਨੂ ਨੇ ਕਿਹਾ ਕਿ ਜਲੰਧਰ ਦੇ ਲੋਕ ‘ਆਪ’ ਸਰਕਾਰ ਵੱਲੋਂ ਕੀਤੇ ਗਏ ਕੰਮਾਂ ’ਤੇ ਮੋਹਰ ਲਗਾਉਣਗੇ। ਇਸ ਮੌਕੇ ਡਾਇਰੈਕਟਰ ਰਾਜਿੰਦਰ ਸਿੰਘ ਰੀਹਲ, ਡਾ. ਮਹਿੰਦਰਜੀਤ ਸਿੰਘ ਮਰਵਾਹਾ, ਚੇਅਰਮੈਨ ਚੰਦਨ ਗਰੇਵਾਲ, ਚੇਅਰਮੈਨ ਮੰਗਲ ਸਿੰਘ ਬਾਸੀ ਅਤੇ ਰਾਜਵਿੰਦਰ ਕੌਰ ਧਿਆੜਾ ਸਮੇਤ ਕਈ ਵੱਡੇ ਆਪ ਆਗੂ ਮੌਜੂਦ ਸਨ।
