ਖਿਡਾਰੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਹੈਲਪਲਾਈਨ ਨੰਬਰ 112/1098 ਬਾਰੇ ਕੀਤਾ ਜਾਗਰੂਕ

ਬਟਾਲਾ, (ਲਵਪ੍ਰੀਤ ਸਿੰਘ ਖੁਸ਼ੀਪੁਰ) ਮੈਡਮ ਅਸ਼ਵਨੀ ਗੋਟਿਆਲ, ਐਸ ਐਸ ਪੀ ਬਟਾਲਾ ਦੇ ਦਿਸ਼ਾ-ਨਿਰਦੇਸ਼ਾ ਹੇਠ ਬਟਾਲਾ ਪੁਲਿਸ ਦੇ ਸਾਂਝ ਸਟਾਫ ਵੱਲੋਂ ਵਿਦਿਆਰਥੀਆਂ/ ਖਿਡਾਰੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ, ਸਾਈਬਰ ਕ੍ਰਾਈਮ ਅਤੇ ਹੈਲਪਲਾਈਨ ਨੰਬਰ 112/1098 ਬਾਰੇ ਜਾਗਰੂਕ ਕਰਨ ਲਈ ਪਿੰਡ ਹਰਦੋ ਝੰਡੇ ਦੇ ਹੋਲੀ ਵਰਲਡ ਪਬਲਿਕ ਸਕੂਲ ਅਤੇ ਸਪੋਰਟਸ ਅਕੈਡਮੀ ਵਿਖੇ ਇੱਕ ਗਿਆਨ ਭਰਪੂਰ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਬਟਾਲਾ ਪੁਲਿਸ ਦੇ ਸਾਂਝ ਸਟਾਫ਼ ਨੇ ਖਿਡਾਰੀਆਂ/ਬੱਚਿਆਂ ਨੂੰ ਨਸ਼ਿਆਂ ਦੇ ਦੁਰਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਅਤੇ ਕਿਹਾ ਕਿ ਨਸ਼ਾ ਇਕ ਮਾਨਸਿਕ ਰੋਗ ਹੈ ਜੋ ਇਨਸਾਨ ਨੂੰ ਸਰੀਰਕ, ਮਾਨਸਿਕ ਤੇ ਆਰਥਿਕ ਤੌਰ ਤੇ ਕਮਜ਼ੋਰ ਕਰ ਦਿੰਦਾ ਹੈ। ਉਨਾਂ ਕਿਹਾ ਕਿ ਜੇਕਰ ਕੋਈ ਵਿਅਕਤੀ ਕਿਸੇ ਕਾਰਨ ਨਸ਼ਿਆਂ ਦੀ ਦਲਦਲ ਵਿੱਚ ਫਸਦਾ ਹੈ ਤਾਂ ਇਸਦਾ ਇਲਾਜ ਵੀ ਸੰਭਵ ਹੈ ਤੇ ਉਸਦਾ ਇਲਾਜ ਸਰਕਾਰ ਵੱਲੋਂ ਨਸ਼ਾ ਛੁਡਾਊ ਕੇਂਦਰਾਂ, ਓਟ ਕਲੀਨਿਕਾਂ ਅਤੇ ਮੁੜ ਵਸੇਬਾ ਕੇਂਦਰਾਂ ਵਿੱਚ ਬਿਲਕੁਲ ਮੁਫ਼ਤ ਕੀਤਾ ਜਾ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਪੁਲਿਸ ਵਿਭਾਗ ਵਲੋਂ ਨਸ਼ਿਆਂ ਵਿਰੁੱਧ ਜਾਗਰੂਕ ਕਰਨ ਦੇ ਮੰਤਵ ਨਾਲ ਵੱਧ ਤੋਂ ਵੱਧ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਹਨ ਅਤੇ ਨਸ਼ਿਆਂ ਵਿਰੁੱਧ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।
