ਖੇਤ ਵਿੱਚੋਂ ਮਿਲੇ ਮਨੁੱਖੀ ਪਿੰਜਰ ਦੀ ਪਹਿਚਾਣ ਪ੍ਰੀਤਮ ਸਿੰਘ ਉਰਫ਼ ਪੀਤਾ ਵਜੋਂ ਹੋਈ

ਸ਼ਾਹਕੋਟ/ਮਲਸੀਆ (ਬਿੰਦਰ ਕੁਮਾਰ) ਸ਼ਾਹਕੋਟ ਦੇ ਨਜ਼ਦੀਕੀ ਪਿੰਡ ਚੱਕ ਬਾਹਮਣੀਆਂ ਵਿਖੇ 22 ਅਪ੍ਰੈਲ ਦਿਨ ਸੋਮਵਾਰ ਨੂੰ ਸ਼ਾਮ ਸਮੇਂ ਖੇਤ ਵਿੱਚ ਕਣਕ ਦੀ ਵਾਢੀ ਦੌਰਾਨ ਮਿਲੇ ਮਨੁੱਖੀ ਪਿੰਜਰ ਦੀ ਸ਼ਨਾਖ਼ਤ ਪ੍ਰੀਤਮ ਸਿੰਘ ਉਰਫ਼ ਪੀਤਾ ਪੁੱਤਰ ਸੋਹਣ ਸਿੰਘ ਵਾਸੀ ਪਿੰਡ ਮਾਣਕਪੁਰ ਵਜੋਂ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਇੰਸਪੈਕਟਰ ਯਾਦਵਿੰਦਰ ਸਿੰਘ ਐਸ.ਐਚ.ਓ. ਸ਼ਾਹਕੋਟ ਨੇ ਦੱਸਿਆ ਕਿ ਨੌਜਵਾਨ ਪ੍ਰੀਤਮ ਸਿੰਘ ਉਰਫ਼ ਪੀਤਾ ਜੋਕਿ ਖੇਤੀ-ਬਾੜੀ ਕਰਦਾ ਸੀ ਅਤੇ ਬੀਤੀ 15 ਮਾਰਚ ਨੂੰ ਟਰੈਕਟਰ-ਟਰਾਲੀ ਤੇ ਗੰਨੇ ਲੱਦ ਕੇ ਵੇਚਣ ਲਈ ਮਲਸੀਆਂ ਗਿਆ ਸੀ, ਜਿਸ ਤੋਂ ਬਾਅਦ ਉਹ ਅਚਾਨਕ ਲਾਪਤਾ ਹੋ ਗਿਆ ਅਤੇ ਉਸ ਦਾ ਟਰੈਕਟਰ-ਟਰਾਲੀ ਪਿੰਡ ਥੰਮੂਵਾਲ ਨਜ਼ਦੀਕ ਮਿਲਿਆ ਸੀ। ਜਿਸ ਉਪਰੰਤ ਪਰਿਵਾਰਕ ਮੈਂਬਰਾਂ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ ਅਤੇ ਪੁਲਿਸ ਨੇ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਤੇ ਅਣਪਛਾਤੇ ਵਿਅਕਤੀਆਂ ਖਿਲਾਫ਼ ਅਗਵਾ ਦਾ ਮਾਮਲਾ ਦਰਜ਼ ਕਰਕੇ ਨੌਜਵਾਨ ਦੀ ਭਾਲ ਸ਼ੁਰੂ ਕਰ ਦਿੱਤੀ। ਉਨ੍ਹਾਂ ਦੱਸਿਆ ਕਿ 22 ਅਪ੍ਰੈਲ ਨੂੰ ਸ਼ਾਮ ਸਮੇਂ ਪੁਲਿਸ ਨੂੰ ਸੂਚਨਾ ਮਿਲੀ ਕਿ ਪਿੰਡ ਚੱਕ ਬਾਹਮਣੀਆਂ ਅਧੀਨ ਪੈਂਦੇ ਕਣਕ ਦੇ ਖੇਤ ਵਿੱਚ ਇੱਕ ਮਨੁੱਖੀ ਪਿੰਜਰ ਪਿਆ ਹੈ ਅਤੇ ਇਹ ਖੇਤ ਮਨਦੀਪ ਸਿੰਘ ਨਾ ਦੇ ਵਿਅਕਤੀ ਪਾਸ ਠੇਕੇ ਤੇ ਹੈ ਅਤੇ ਖੇਤ ਵਿੱਚ ਕਣਕ ਦੀ ਵਾਢੀ ਚੱਲ ਰਹੀ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਟੀਮ ਨੇ ਤੁਰੰਤ ਮੌਕੇ ਤੇ ਪਹੁੰਚ ਕੇ ਜਾਂਚ ਕੀਤੀ ਤਾਂ ਜਾਂਚ ਦੌਰਾਨ ਮਨੁੱਖੀ ਪਿੰਜਰ ਦੇ ਪਏ ਕੱਪੜਿਆ ਵਿੱਚੋਂ 18 ਹਜ਼ਾਰ ਰੁਪਏ ਦੀ ਨਕਦੀ, ਇੱਕ ਮੋਬਾਇਲ ਫੋਨ ਅਤੇ ਟਰੈਕਟਰ ਦੀ ਚਾਬੀ ਬ੍ਰਾਮਦ ਹੋਈ। ਉਨ੍ਹਾਂ ਦੱਸਿਆ ਕਿ ਮਨੁੱਖੀ ਪਿੰਜਰ ਨੂੰ ਕਬਜ਼ੇ ਵਿੱਚ ਲੈ ਕੇ ਅੱਜ ਜਾਂਚ ਲਈ ਮੈਡੀਕਲ ਕਾਲਜ ਅੰਮ੍ਰਿਤਸਰ ਭੇਜਿਆ ਗਿਆ ਸੀ, ਜਿਥੇ ਡਾਕਟਰੀ ਟੀਮ ਵੱਲੋਂ ਮਨੁੱਖੀ ਪਿੰਜਰ ਦੇ ਹੱਡੀਆਂ ਦੇ ਸੈਂਪਲ ਲਏ ਗਏ ਕਿ ਉਸ ਦੀ ਮੌਤ ਕਦੋਂ ਅਤੇ ਕਿਸ ਕਾਰਨ ਹੋਈ ਹੈ। ਉਨ੍ਹਾਂ ਦੱਸਿਆ ਕਿ ਮਨੁੱਖੀ ਪਿੰਜਰ ਦੇ ਪਾਏ ਕੱਪੜਿਆ, ਮੋਬਾਇਲ ਫੋਨ ਅਤੇ ਟਰੈਕਟਰ ਦੀ ਚਾਬੀ ਤੋਂ ਉਸ ਦੇ ਪਿਤਾ ਸੋਹਣ ਸਿੰਘ, ਫੁੱਫੜ ਰਜਿੰਦਰ ਸਿੰਘ ਅਤੇ ਜੀਜਾ ਜਤਿੰਦਰ ਸਿੰਘ ਵੱਲੋਂ ਸ਼ਨਾਖ਼ਤ ਕੀਤੀ ਗਈ, ਜਿਸ ਉਪਰੰਤ ਇਸ ਮਾਮਲੇ ‘ਚ ਜ਼ੁਰਮ 302 ਦਾ ਵਾਧਾ ਕੀਤਾ ਗਿਆ ਹੈ ਅਤੇ ਪਿੰਜਰ ਦਾ ਪੋਸਟਮਾਰਟਮ ਕਰਵਾਉਣ ਉਪਰੰਤ ਵਾਰਸਾਂ ਨੂੰ ਸੌਪ ਦਿੱਤਾ ਗਿਆ, ਜਿਸ ਦਾ ਸ਼ਾਮ ਸਮੇਂ ਪਰਿਵਾਰ ਵੱਲੋਂ ਅੰਤਿਮ ਸੰਸਕਾਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ‘ਚ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ।
