ਖੋ-ਖੋ ਦਾ ਥੰਮ ਮੰਨੇ ਜਾਂਦੇ ਹੈਡਮਾਸਟਰ ਹਰਬਿੰਦਰ ਪਾਲ ਨੂੰ ਰਿਟਾਇਰਮੈਂਟ ਤੇ ਮੁਬਾਰਕਾਂ

ਜਲੰਧਰ ਵਿੱਚ ਖੋ-ਖੋ ਖੇਡ ਨੂੰ ਬੁਲੰਦੀਆਂ ਤੱਕ ਪਹੁਚਾਉਣ ਵਿਚ ਹੈਡਮਾਸਟਰ ਹਰਬਿੰਦਰ ਪਾਲ ਦਾ ਵੱਡਾ ਯੋਗਦਾਨ ਹੈ । ਓਹਨਾਂ ਨੇ ਇਸ ਖੇਡ ਨਾਲ ਸੋਹਣੀ ਮਹੀਵਾਲ ਵਰਗੀ ਮੁਹੱਬਤ ਨਿਭਾਈ । ਸੋਹਣੀ ਨੇ ਆਪਣੇ ਮਹੀਵਾਲ ਲਈ ਪਾਣੀ ਦੇ ਤੇਜ ਵਹਾਅ ਦੀ ਪ੍ਰਵਾਹ ਨਹੀਂ ਕੀਤੀ ਤੇ ਸਾਥੀ ਹਰਬਿੰਦਰ ਪਾਲ ਨੇ ਖੋ ਖੋ ਦੀ ਕੋਚਿੰਗ ਦਿੰਦਿਆ ਕਦੇ ਵੀ ਧੁੱਪ, ਵਿਭਾਗੀ ਉਲਝਣਾਂ, ਝੱਖੜਾਂ ਤੇ ਸਮੇਂ ਦੀ ਪ੍ਰਵਾਹ ਨਹੀਂ ਕੀਤੀ ।
ਸਰਕਾਰੀ ਸਕੂਲ ਰੈਣਕ ਬਜਾਰ ਤੇ ਸੀਨੀਅਰ ਮਾਡਲ ਸਕੂਲ ਜਲੰਧਰ ਵਿਚ ਐਨਸੀਸੀ ਸ਼ੁਰੂ ਕਰਵਾ ਕੇ ਬਤੌਰ ਐਨਸੀਸੀ ਅਫ਼ਸਰ ਸੇਵਾ ਨਿਭਾਈ । ਖੋ ਖੋ ਦੇ ਨਾਲ ਨਾਲ ਬੈਡਮਿੰਟਨ, ਕਬੱਡੀ ਤੇ ਅਥਲੈਟਿਕਸ ਵਿਚ ਆਪਣੇ ਖਿਡਾਰੀਆਂ ਨੂੰ ਜਬਰਦਸਤ ਟ੍ਰੇਨਿੰਗ ਦੇ ਕੇ ਸਿਖਰਾਂ ਤੇ ਪਹੁੰਚਾਇਆ ।
ਰੱਬ ਨੇ ਹਰਬਿੰਦਰ ਪਾਲ ਜੀ ਦੀ ਮੇਹਨਤ ਨੂੰ ਮਾਣ ਦਿੰਦਿਆਂ ਇਹਨਾਂ ਨੂੰ ਆਪਣੇ ਕੇਡਰ ਵਿਚ ਸਭ ਤੋਂ ਸੀਨੀਅਰ ਹੋਣ ਕਰਕੇ AEO ਦੇ ਵੱਡੇ ਅਹੁਦੇ ਨਾਲ ਨਿਵਾਜਿਆ ਤੇ ਬਤੌਰ AEO ਕੰਮ ਕਰਦਿਆ ਇਹਨਾਂ ਨੇ ਜਲੰਧਰ ਵਿਚ ਖੇਡਾਂ ਦੇ ਪੱਧਰ ਨੂੰ ਉਚਾਈਆਂ ਤਕ ਪਹੁੰਚਾਇਆ । ਫੇਰ 2017 ਵਿਚ ਹੈਡਮਾਸਟਰ ਦੀ ਤਰੱਕੀ ਮਿਲੀ ਤੇ ਪੂਰਨਪੁਰ ਸਕੂਲ ਦੇ ਮੁਖੀ ਬਣੇ । ਮਹਿਕਮੇ ਵਿਚ ਹੈਡਮਾਸਟਰ ਹਰਬਿੰਦਰ ਪਾਲ ਨੂੰ ‘ਯਾਰਾਂ ਦਾ ਯਾਰ’ ਕਰਕੇ ਜਾਣਿਆ ਜਾਂਦਾ ਹੈ । ਇਹਨਾਂ ਨੇ ਸਰਕਾਰੀ ਕਾਲਜ ਪਟਿਆਲਾ ਤੋਂ ਫਿਜੀਕਲ ਦੀ ਡਿਗਰੀ ਲਈ ਤੇ ਆਪਣੇ ਹਰੇਕ ਅਹੁਦੇ ਦਾ ਮਾਣ ਵਧਾਇਆ । ਭਾਵੇਂ ਇਹ ਮਹਿਕਮੇ ਤੋ ਰਿਟਾਇਰ ਹੋ ਰਹੇ ਹਨ ਪਰ ਆਪਣੇ ਖਿਡਾਰੀਆਂ ਤੇ ਦੋਸਤਾਂ ਮਿੱਤਰਾਂ ਦੇ ਦਿਲਾਂ ਤੋ ਇਹ ਕਦੇ ਸੇਵਾ ਮੁਕਤ ਨਹੀਂ ਹੋਣਗੇ । ਇਹ ਹੁਣ ਵੀ ਜੋਸ਼ ਨਾਲ ਭਰੇ ਹੋਏ ਹਨ ਤੇ ਖੇਡ ਟੂਰਨਾਂਮੈਂਟਾਂ ਵਿਚ ਭਾਗ ਲੈਂਦੇ ਹਨ ਤੇ ਸਟੇਟ ਤਕ ਮੈਡਲ ਜਿੱਤਦੇ ਹਨ । ਪਰਮਾਤਮਾ ਇਹਨਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ । ਹੈਡਮਾਸਟਰ ਹਰਬਿੰਦਰ ਪਾਲ ਸਿੱਖਿਆ ਮਹਿਕਮੇ ਦਾ ਧਰੂ ਤਾਰਾ ਹਨ ।
