ਖੜ੍ਹੀ ਟਾਟਾ ਏਸ ਗੱਡੀ ਨੂੰ ਲੱਗੀ ਅੱਗ

ਸ਼ਾਹਕੋਟ/ਮਲਸੀਆ (ਬਿੰਦਰ ਕੁਮਾਰ) ਇੰਪਲਾਈਜ਼ ਕਲੌਨੀ ਸ਼ਾਹਕੋਟ ਵਿਖੇ ਇੱਕ ਖੜ੍ਹੇ ਛੋਟੇ ਹਾਥੀ ਗੱਡੀ (ਟਾਟਾ ਏਸ) ਨੂੰ ਭੇਦ ਭਰੇ ਹਲਾਤਾ ਵਿੱਚ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਗੱਡੀ ਦੇ ਮਾਲਕ ਜਗਦੀਸ਼ ਕੁਮਾਰ ਬਿੱਟਾ ਪੁੱਤਰ ਬਲਦੇਵ ਰਾਜ ਵਾਸੀ ਗਾਂਧੀ ਚੌਂਕ, ਸ਼ਾਹਕੋਟ ਨੇ ਦੱਸਿਆ ਕਿ ਉਸ ਨੇ ਆਪਣੀ ਟਾਟਾ ਏਸ ਗੱਡੀ (ਛੋਟਾ ਹਾਥੀ) ਨੰਬਰ ਪੀ.ਬੀ.08-ਏ.ਜ਼ੈਡ.-9552 ਨੂੰ ਇੰਪਲਾਈਜ਼ ਕਲੌਨੀ ਸ਼ਾਹਕੋਟ ਵਿਖੇ ਸਰਕਾਰੀ ਪ੍ਰਾਇਮਰੀ ਸਕੂਲ ਲੜਕੇ (ਨਿੰਮਾ ਵਾਲਾ) ਦੇ ਪਿੱਛਲੇ ਪਾਸੇ ਖੜ੍ਹੀ ਕੀਤੀ ਸੀ। ਰਾਤ ਕਰੀਬ 10.30 ਵਜੇ ਕਿਸੇ ਨੇ ਫੋਨ ’ਤੇ ਦੱਸਿਆ ਕਿ ਉਸ ਦੀ ਗੱਡੀ ਨੂੰ ਅੱਗ ਲੱਗੀ ਹੋਈ ਹੈ। ਉਸ ਨੇ ਦੱਸਿਆ ਕਿ ਜਦ ਮੈਂ ਮੌਕੇ ’ਤੇ ਪਹੁੰਚ ਕੇ ਦੇਖਿਆ ਤਾਂ ਗੱਡੀ ਨੂੰ ਕਾਫ਼ੀ ਅੱਗ ਲੱਗੀ ਹੋਈ ਸੀ, ਜਿਸ ਨੂੰ ਆਸ-ਪਾਸ ਦੇ ਲੋਕ ਪਾਣੀ ਪਾ ਕੇ ਬੁਝਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਉਸ ਨੇ ਦੱਸਿਆ ਕਿ ਜਦੋਂ ਤੱਕ ਅੱਗ ’ਤੇ ਕਾਬੂ ਪਾਇਆ ਗਿਆ ਤਾਂ ਉਸ ਸਮੇਂ ਤੱਕ ਗੱਡੀ ਦਾ ਕੈਬਿਨ ਪੂਰਾ ਸੜ ਕੇ ਸੁਆਹ ਹੋ ਚੁੱਕਾ ਸੀ। ਉਸ ਨੇ ਦੱਸਿਆ ਕਿ ਅੱਗ ਲੱਗਣ ਦੇ ਕਾਰਨ ਦਾ ਅਜੇ ਕੁੱਝ ਪਤਾ ਨਹੀਂ ਲੱਗ ਸਕਿਆ, ਪਰ ਸ਼ੱਕ ਹੈ ਕਿ ਕਿਸੇ ਸ਼ਰਾਰਤੀ ਨੇ ਗੱਡੀ ਨੂੰ ਅੱਗ ਲਗਾਈ ਹੋ ਸਕਦੀ ਹੈ, ਜਿਸ ਕਾਰਨ ਉਸ ਦਾ ਕਰੀਬ 70 ਹਜ਼ਾਰ ਰੁਪਏ ਦਾ ਨੁਕਸਾਨ ਹੋ ਗਿਆ ਹੈ।
