ਗਾਂ ਨੂੰ ਬਚਾਉਂਦਿਆਂ ਟਾਟਾ 407 ਗੱਡੀ ਪਲਟੀ

ਸ਼ਾਹਕੋਟ/ਮਲਸੀਆ (ਬਿੰਦਰ ਕੁਮਾਰ) ਮਲਸੀਆਂ-ਨਕੋਦਰ ਨੈਸ਼ਨਲ ਹਾਈਵੇ ਤੇ ਬੀਤੀ ਰਾਤ ਇੱਕ ਗਾਂ ਨੂੰ ਬਚਾਉਂਦਿਆਂ ਆਲੂ ਦੇ ਬੋਰਿਆਂ ਨਾਲ ਲੱਦੀ ਟਾਟਾ 407 ਗੱਡੀ ਪਲਟ ਗਈ। ਹਾਦਸੇ ਸਬੰਧੀ ਜਾਣਕਾਰੀ ਦਿੰਦਿਆਂ ਟਾਟਾ 407 ਗੱਡੀ (ਪੀ.ਬੀ.10-ਸੀ.ਵੀ.-6212) ਦੇ ਚਾਲਕ ਧਰਮਿੰਦਰ ਨੇ ਦੱਸਿਆ ਕਿ ਉਹ ਰਾਤ ਗੱਡੀ ’ਚ ਆਲੂ ਦੇ ਬੋਰੇ ਲੱਦ ਕੇ ਮੋਗਾ ਤੋਂ ਜਲੰਧਰ ਵੱਲ ਜਾ ਰਿਹਾ ਸੀ ਕਿ ਮਲਸੀਆਂ-ਨਕੋਦਰ ਨੈਸ਼ਨਲ ਹਾਈਵੇ ’ਤੇ ਕਾਂਗਣਾ ਮੋੜ ਨਜ਼ਦੀਕ ਇੱਕ ਪੈਲਸ ਦੇ ਸਾਹਮਣੇ ਰਾਤ ਕਰੀਬ 3 ਵਜੇ ਖੜ੍ਹੀ ਮੱਕੀ ਦੀ ਫ਼ਸਲ ’ਚੋਂ ਇੱਕ ਗਾਂ ਨਿਕਲ ਕੇ ਅਚਾਨਕ ਗੱਡੀ ਅੱਗੇ ਆ ਗਈ, ਜਿਸ ਨੂੰ ਬਚਾਉਂਦਿਆਂ ਉਸਦੀ ਗੱਡੀ ਬੇਕਾਬੂ ਹੋ ਕੇ ਡਿਵਾਈਡਰ ਨਾਲ ਟਕਰਾਉਣ ਤੋਂ ਬਾਅਦ ਸੜਕ ਦੇ ਵਿਚਾਲੇ ਪਲਟ ਗਈ ਅਤੇ ਆਲੂ ਦੇ ਬੋਰੇ ਸੜਕ ’ਤੇ ਖਿਲਰ ਗਏ। ਇਸ ਹਾਦਸੇ ’ਚ ਚਾਲਕ ਦੇ ਮਾਮੂਲੀ ਸੱਟਾਂ ਵੀ ਲੱਗੀਆਂ, ਪਰ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਹਾਦਸੇ ਤੋਂ ਬਾਅਦ ਸੜਕ ਸੁਰੱਖਿਆ ਫੋਰਸ ਦੇ ਏ.ਐਸ.ਆਈ. ਅਮਰਜੀਤ ਸਿੰਘ, ਉਨ੍ਹਾਂ ਦੇ ਸਾਥੀ ਗੁਰਜੀਤ ਸਿੰਘ ਤੇ ਨਰਾਇਣ ਸ਼ਰਮਾ ਨੇ ਮੌਕੇ ’ਤੇ ਪਹੁੰਚ ਕੇ ਆਵਾਜ਼ਾਈ ਦਾ ਸੁਚਾਰੂ ਪ੍ਰਬੰਧ ਕੀਤਾ।
