ਗਾਜ਼ਾ ‘ਚ ਭੋਜਨ ਤੇ ਪਾਣੀ ਲਈ ਇਕੱਠੇ ਹੋਏ ਫਲਸਤੀਨੀਆਂ ‘ਤੇ ਬੰਬਾਰੀ, ਇਜ਼ਰਾਈਲੀ ਟੈਂਕ ਰਫਾਹ ‘ਚ ਹੋਏ ਦਾਖ਼ਲ; ਮਰਨ ਵਾਲਿਆਂ ਦੀ ਗਿਣਤੀ 37600 ਤੋਂ ਪਾਰ

ਯਰੂਸ਼ਲਮ : ਗਾਜ਼ਾ ਸ਼ਹਿਰ ਦੇ ਨੇੜੇ ਇੱਕ ਸਿਖਲਾਈ ਕਾਲਜ ਵਿੱਚ ਸਥਿਤ ਰਾਹਤ ਸਮੱਗਰੀ ਵੰਡ ਕੇਂਦਰ ਉੱਤੇ ਇਜ਼ਰਾਈਲੀ ਹਵਾਈ ਹਮਲੇ ਵਿੱਚ ਅੱਠ ਫਲਸਤੀਨੀ ਮਾਰੇ ਗਏ ਹਨ। ਇਸ ਦੌਰਾਨ ਮਿਸਰ ਦੀ ਸਰਹੱਦ ‘ਤੇ ਸਥਿਤ ਰਫਾਹ ‘ਚ ਹੁਣ ਇਜ਼ਰਾਈਲੀ ਟੈਂਕ ਸ਼ਹਿਰ ਦੇ ਅੰਦਰ ਪਹੁੰਚ ਗਏ ਹਨ। ਉੱਥੇ ਪਿਛਲੇ ਡੇਢ ਮਹੀਨੇ ਤੋਂ ਇਜ਼ਰਾਇਲੀ ਫੌਜ ਅਤੇ ਫਲਸਤੀਨੀ ਲੜਾਕਿਆਂ ਵਿਚਾਲੇ ਭਿਆਨਕ ਲੜਾਈ ਚੱਲ ਰਹੀ ਹੈ। ਕਈ ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ। ਸੰਯੁਕਤ ਰਾਸ਼ਟਰ ਦੀ ਫਲਸਤੀਨ ਸ਼ਰਨਾਰਥੀ ਏਜੰਸੀ ਸਿਖਲਾਈ ਕਾਲਜ ਤੋਂ ਰਾਹਤ ਸਮੱਗਰੀ ਵੰਡ ਰਹੀ ਹੈ। ਐਤਵਾਰ ਨੂੰ ਵੱਡੀ ਗਿਣਤੀ ‘ਚ ਫਲਸਤੀਨ ਦੇ ਲੋਕ ਖਾਣ-ਪੀਣ ਦੀਆਂ ਵਸਤੂਆਂ, ਪਾਣੀ ਅਤੇ ਹੋਰ ਸਮਾਨ ਇਕੱਠਾ ਕਰਨ ਲਈ ਉੱਥੇ ਪਹੁੰਚੇ ਸਨ। ਇਸ ਦੇ ਨਾਲ ਹੀ ਇਜ਼ਰਾਇਲੀ ਫੌਜ ਵੱਲੋਂ ਡਰੋਨ ਹਮਲਾ ਕੀਤਾ ਗਿਆ। ਇਸ ਹਮਲੇ ਵਿੱਚ ਰਾਹਤ ਸਮੱਗਰੀ ਇਕੱਠੀ ਕਰਨ ਆਏ ਅੱਠ ਫਲਸਤੀਨੀਆਂ ਦੀ ਮੌਤ ਹੋ ਗਈ ਅਤੇ ਨੇੜੇ ਦਾ ਇੱਕ ਘਰ ਤਬਾਹ ਹੋ ਗਿਆ। ਸ਼ਾਂਤੀ ਦੇ ਸਮੇਂ ਦੌਰਾਨ, ਇਹ ਸਿਖਲਾਈ ਕਾਲਜ ਸੰਯੁਕਤ ਰਾਸ਼ਟਰ ਦੁਆਰਾ ਚਲਾਇਆ ਜਾਂਦਾ ਸੀ। ਗਾਜ਼ਾ ਵਿੱਚ ਏਜੰਸੀ ਦੇ ਨਿਰਦੇਸ਼ਕ ਜੂਲੀਅਟ ਟੋਮਾ ਨੇ ਕਿਹਾ ਹੈ ਕਿ ਅਕਤੂਬਰ 2023 ਤੋਂ ਹੁਣ ਤੱਕ ਗਾਜ਼ਾ ਵਿੱਚ ਸੰਯੁਕਤ ਰਾਸ਼ਟਰ ਦੀਆਂ 190 ਇਮਾਰਤਾਂ ਨੂੰ ਇਜ਼ਰਾਇਲੀ ਹਮਲਿਆਂ ਵਿੱਚ ਨਿਸ਼ਾਨਾ ਬਣਾਇਆ ਗਿਆ ਹੈ ਅਤੇ 193 ਕਰਮਚਾਰੀ ਮਾਰੇ ਗਏ ਹਨ। ਇੱਕ ਹੋਰ ਇਜ਼ਰਾਈਲੀ ਹਵਾਈ ਹਮਲੇ ਵਿੱਚ ਮੱਧ ਗਾਜ਼ਾ ਦੇ ਨੁਸੀਰਤ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਹੈ। ਗਾਜ਼ਾ ਵਿੱਚ ਹੁਣ ਤੱਕ ਕੁੱਲ 37,600 ਫਲਸਤੀਨੀ ਮਾਰੇ ਜਾ ਚੁੱਕੇ ਹਨ। ਇਸ ਦੌਰਾਨ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਇਕ ਵਾਰ ਫਿਰ ਦਾਅਵਾ ਕੀਤਾ ਹੈ ਕਿ ਅਮਰੀਕਾ ਉਨ੍ਹਾਂ ਦੇ ਦੇਸ਼ ਨੂੰ ਹਥਿਆਰਾਂ ਅਤੇ ਗੋਲਾ-ਬਾਰੂਦ ਦੀ ਸਪਲਾਈ ਰੋਕ ਰਿਹਾ ਹੈ। ਅਮਰੀਕਾ ਵੱਲੋਂ ਪਹਿਲਾਂ ਵੀ ਅਜਿਹੇ ਦੋਸ਼ਾਂ ਨੂੰ ਖਾਰਿਜ ਕੀਤੇ ਜਾਣ ਤੋਂ ਬਾਅਦ ਨੇਤਨਯਾਹੂ ਦਾ ਇਹ ਬਿਆਨ ਫਿਰ ਤੋਂ ਆਇਆ ਹੈ। ਇਰਾਕ ਦੇ ਸ਼ੀਆ ਹਥਿਆਰਬੰਦ ਸਮੂਹ ਇਸਲਾਮਿਕ ਰੇਸਿਸਟੈਂਸ ਨੇ ਯਮਨ ਦੇ ਹੂਤੀ ਬਾਗੀਆਂ ਦੇ ਨਾਲ ਮਿਲ ਕੇ ਇਜ਼ਰਾਈਲ ਦੀ ਹਾਈਫਾ ਬੰਦਰਗਾਹ ਅਤੇ ਭੂਮੱਧ ਸਾਗਰ ‘ਚ ਐਂਕਰ ਕੀਤੇ ਕਈ ਮਾਲਵਾਹਕ ਜਹਾਜ਼ਾਂ ‘ਤੇ ਹਮਲਾ ਕਰਨ ਦਾ ਦਾਅਵਾ ਕੀਤਾ ਹੈ। ਦੋਵਾਂ ਸੰਗਠਨਾਂ ਨੇ ਦੋ-ਦੋ ਵਾਰ ਚਾਰ ਜਹਾਜ਼ਾਂ ‘ਤੇ ਡਰੋਨ ਹਮਲੇ ਕੀਤੇ। ਸ਼ੀਆ ਸੰਗਠਨ ਨੇ ਕਿਹਾ ਹੈ ਕਿ ਉਸ ਨੇ ਇਜ਼ਰਾਈਲ ਦੇ ਹਮਲੇ ਦਾ ਸ਼ਿਕਾਰ ਹੋਏ ਗਾਜ਼ਾ ਦੇ ਲੋਕਾਂ ਦੇ ਸਮਰਥਨ ‘ਚ ਇਹ ਸਾਂਝੀ ਕਾਰਵਾਈ ਕੀਤੀ ਹੈ।
