ਗੈਰ-ਸਮਾਜੀ ਗਤੀਵਿਧੀਆਂ ਚਲਾ ਰਹੇ ਰੈਕੇਟ ਦਾ ਪਰਦਾਫਾਸ਼ 13 ਪੁਰਸ਼ ਅਤੇ 13 ਮਹਿਲਾਵਾਂ ਗ੍ਰਿਫਤਾਰ

ਫਗਵਾੜਾ (ਸ਼ਿਵ ਕੋੜਾ) ਐਸ.ਐਸ.ਪੀ. ਵਤਸਲਾ ਗੁਪਤਾ ਦੇ ਨਿਰਦੇਸ਼ਾਂ ‘ਤੇ ਫਗਵਾੜਾ ਪੁਲਿਸ ਵੱਲੋਂ ਗੈਰ-ਸਮਾਜੀ ਸਰਗਰਮੀਆਂ ਵਿਰੁੱਧ ਚਲਾਈ ਮੁਹਿੰਮ ਤਹਿਤ ਅਜਿਹੀਆਂ ਗਤੀਵਿਧੀਆਂ ਚਲਾ ਰਹੇ ਇੱਕ ਰੈਕਟ ਦਾ ਪਰਦਾਪਫਾਸ਼ ਕਰਦਿਆਂ ਪੁਲਿਸ ਨੇ 13 ਪੁਰਸ਼ਾਂ ਅਤੇ 13 ਦੇਸ਼ੀ ਤੇ ਵਿਦੇਸ਼ੀ ਮਹਿਲਾਵਾਂ ਨੂੰ ਗ੍ਰਿਫਤਾਰ ਕੀਤਾ ਹੈ। ਫਗਵਾੜਾ ਦੇ ਐਸ.ਪੀ. ਰੁਪਿੰਦਰ ਕੌਰ ਭੱਟੀ ਨੇ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਿਸ ਵੱਲੋਂ ਥਾਣਾ ਸਤਨਾਮਪੁਰਾ ਵਿਚ ਪੈਂਦੇ ਇਲਕਿਆਂ ਵਿਚ ਚਲਾਏ ਵਿਸ਼ੇਸ਼ ਆਪ੍ਰੇਸ਼ਨ ਦੌਰਾਨ ਇਸ ਰੈਕੇਟ ਦਾ ਪਰਦਾਫਾਸ਼ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਡੀ.ਐਸ.ਪੀ. ਜਸਪ੍ਰੀਤ ਸਿੰਘ ਦੀ ਨਿਗਰਾਨੀ ਹੇਠ ਚਲਾਏ ਇਸ ਆਪ੍ਰੇਸ਼ਨ ਤਹਿਤ ਥਾਣਾ ਸਤਨਾਮਪੁਰਾ ਵਿਚ ਇੰਮੋਰਲ ਟ੍ਰੈਫਿਕ ਐਕਟ ਦੀ ਧਾਰਾ 3,4,5,7, 8 ਅਤੇ ਧਾਰਾ 3,4,5, 7 8 ਅਧੀਨ ਮਾਮਲਾ ਦਰਜ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ 13 ਪੁਰਸ਼ (ਸਾਰੇ ਭਾਰਤੀ) ਅਤੇ 13 ਮਹਿਲਾਵਾਂ, ਜਿਨ੍ਹਾਂ ਵਿਚ 9 ਵਿਦੇਸ਼ੀ ਮਹਿਲਾਵਾਂ ਸ਼ਾਮਲ ਹਨ, ਨੂੰ ਗ੍ਰਿਫਤਾਰ ਕੀਤਾ ਗਿਆ। ਇਨ੍ਹਾਂ ਕੋਲ਼ੋਂ 9 ਪਾਸਪੋਰਟ, 29 ਮੋਬਾਇਲ ਫੋਨ ਅਤੇ 45000 ਦੀ ਨਕਦੀ ਬਰਾਮਦ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਹ ਸਾਹਮਣੇ ਆਇਆ ਹੈ ਕਿ ਕਈ ਵਿਦੇਸ਼ੀ ਨਾਗਰਿਕ ਇਸ ਖੇਤਰ ਵਿਚ ਵਿਚਰ ਕੇ ਵਿਦਿਆਰਥੀਆਂ ਦੇ ਪੀ.ਜੀ. ਦੀ ਆੜ ਵਿਚ ਗ਼ੈਰ-ਸਮਾਜੀ ਸਰਗਰਮੀਆਂ ਵਿਚ ਸ਼ਾਮਲ ਹੁੰਦੇ ਹਨ ਅਤੇ ਗੈਰ-ਸਮਾਜੀ ਗਤੀਵਿਧੀਆਂ ਰਾਹੀਂ ਕੀਤੀ ਕਮਾਈ ‘ਤੇ ਰਹਿ ਰਹੇ ਹਨ ।ਪੁਲਿਸ ਵੱਲੋਂ ਵਿਦੇਸ਼ੀ ਨਾਗਰਿਕਾਂ ਵੱਲੋਂ ਵੀਜ਼ਾ ਨਿਯਮਾਂ ਦੀ ਉਲੰਘਣਾਂ ਲਈ ਵਿਦੇਸ਼ੀ ਨਾਗਰਿਕ ਐਕਟ ਦੀ ਧਾਰਾ 14 ਵੀ ਐਫ. ਆਈ. ਆਰ. ਵਿਚ ਜੋੜੀ ਗਈ ਹੈ। ਉਨ੍ਹਾਂ ਦੱਸਿਆ ਕਿ ਅਗਲੇਰੀ ਜਾਂਚ ਜਾਰੀ ਹੈ।
