August 6, 2025
#National

ਗੋਰਮਿੰਟ ਟੀਚਰ ਯੂਨੀਅਨ ਵੱਲੋਂ ਸਾਬਕਾ ਜ਼ਿਲ੍ਹਾ ਸਿੱਖਿਆ ਅਧਿਕਾਰੀ ਦਾ ਵਿਸ਼ੇਸ਼ ਸਨਮਾਨ

ਸੁਲਤਾਨਪੁਰ ਲੋਧੀ (ਮਲਕੀਤ ਕੌਰ) ਬਤੌਰ ਜ਼ਿਲ੍ਹਾ ਸਿੱਖਿਆ ਅਫ਼ਸਰ ਕਪੂਰਥਲਾ ਵਿਖੇ ਸ਼ਾਨਦਾਰ ਸੇਵਾਵਾਂ ਨਿਭਾਉਣ ਅਤੇ ਅਧਿਆਪਕਾਂ ਦੇ ਮਸਲਿਆਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਨ ਵਾਲੇ ਡੀ.ਈ.ਓ ਜਗਵਿੰਦਰ ਸਿੰਘ ਨੂੰ ਸੇਵਾ ਮੁਕਤੀ ਤੇ ਗੌਰਮਿੰਟ ਟੀਚਰ ਯੂਨੀਅਨ ਵੱਲੋਂ ਜ਼ਿਲ੍ਹਾ ਪ੍ਰਧਾਨ ਸੁਖਚੈਨ ਸਿੰਘ ਬੱਧਨ ਦੀ ਅਗਵਾਈ ਹੇਠ ਉਚੇਚੇ ਤੌਰ ਤੇ ਸਨਮਾਨ ਕੀਤਾ। ਇਸ ਮੌਕੇ ਮੌਜੂਦਾ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ) ਕਪੂਰਥਲਾ ਕੰਵਲਜੀਤ ਸਿੰਘ ਸੰਧੂ, ਸਾਬਕਾ ਜਿਲਾ ਸਿੱਖਿਆ ਅਫਸਰ ਗੁਰਚਰਨ ਸਿੰਘ ਮੁਲਤਾਨੀ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਸਮਾਗਮ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਕੰਵਲਜੀਤ ਸਿੰਘ ਸੰਧੂ ਨੇ ਕਿਹਾ ਕਿ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਕਿ ਹਰੇਕ ਅਧਿਆਪਕ, ਕਰਮਚਾਰੀ ਨੂੰ ਮਾਣ ਸਨਮਾਨ ਮਿਲਦਾ ਰਹੇ ਅਤੇ ਉਹਨਾਂ ਦੇ ਹਰੇਕ ਕੰਮ ਨੂੰ ਪਾਰਦਰਸ਼ੀ ਢੰਗ ਨਾਲ ਬਿਨਾਂ ਕਿਸੇ ਦੇਰੀ ਅਤੇ ਪ੍ਰੇਸ਼ਾਨੀ ਦੇ ਨਾਲ ਨਿਪਟਾ ਲਿਆ ਜਾਵੇ। ਉਨ੍ਹਾਂ ਨੇ ਕਿਹਾ ਕਿ ਸਾਬਕਾ ਜ਼ਿਲ੍ਹਾ ਸਿੱਖਿਆ ਅਫ਼ਸਰ ਜਗਵਿੰਦਰ ਸਿੰਘ ਨੇ ਆਪਣੇ ਕਾਰਜ਼ ਕਾਲ ਦੌਰਾਨ ਅਧਿਆਪਕਾਂ ਉੱਪਰ ਅਮਿੱਟ ਛਾਪ ਛੱਡਦਿਆਂ ਵਿਭਾਗ ਦੇ ਉਦੇਸ਼ਾਂ ਨੂੰ ਪੂਰਾ ਕੀਤਾ। ਇਸ ਮੌਕੇ ਉਨ੍ਹਾਂ ਨੇ ਜੀਟੀਯੂ ਪ੍ਰਧਾਨ ਬੱਧਣ ਨੂੰ ਭਰੋਸਾ ਦਿੱਤਾ ਕਿ ਜਿਲ੍ਹੇ ਦੇ ਅਧਿਆਪਕਾਂ ਦੇ ਮਸਲਿਆਂ ਨੂੰ ਟੇਬਲ ਟਾਕ ਰਾਹੀਂ ਹੱਲ ਕੀਤਾ ਜਾਵੇਗਾ।ਇਸ ਮੌਕੇ ਜੀ ਟੀ ਯੂ ਦੇ ਜ਼ਿਲ੍ਹਾ ਪ੍ਰਧਾਨ ਸੁਖਚੈਨ ਸਿੰਘ ਬੱਧਨ ਨੇ ਸਾਬਕਾ ਡੀਈਓ ਜਗਵਿੰਦਰ ਸਿੰਘ ਦੇ ਕਾਰਜਕਾਲ ਦੌਰਾਨ ਮਿਲੇ ਸਹਿਯੋਗ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਇਹ ਸਮਾਗਮ ਸੁਨੇਹਾ ਪਹੁੰਚਾਉਣ ਲਈ ਆਯੋਜਿਤ ਕੀਤਾ ਗਿਆ ਹੈ, ਕਿ ਚੰਗੀਆਂ ਸੇਵਾਵਾਂ ਪ੍ਰਦਾਨ ਕਰਨ ਵਾਲੇ ਹਰ ਅਧਿਕਾਰੀ ਨੂੰ ਜੱਥੇਬੰਦੀ ਵਲੋਂ ਸਨਮਾਨਿਤ ਕੀਤਾ ਜਾਵੇਗਾ। ਇਸ ਮੌਕੇ ਬੋਲਦਿਆਂ ਸਾਬਕਾ ਡੀ ਈ ਓ ਜਗਵਿੰਦਰ ਸਿੰਘ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਅਧਿਆਪਕਾਂ ਲਈ ਕੰਮ ਕਰਨਾ ਮੇਰੇ ਲਈ ਇਬਾਦਤ ਵਾਂਗ ਹੈ।ਉਨ੍ਹਾਂ ਕਿਹਾ ਕਿ ਅਧਿਆਪਕਾਂ ਦਾ ਅਹੁਦਾ ਬਹੁਤ ਹੀ ਪਵਿੱਤਰ ਅਤੇ ਸਤਿਕਾਰਯੋਗ ਹੈ ਕਿਉਂਕਿ ਪ੍ਰਮਾਤਮਾ ਨੇ ਅਧਿਆਪਕ ਨੂੰ ਹੀ ਅਜਿਹੀ ਸ਼ਕਤੀ ਦਿੱਤੀ ਹੈ ਜੋ ਉਨ੍ਹਾਂ ਨੂੰ ਅਗਿਆਨਤਾ ਦੇ ਹਨੇਰੇ ਵਿੱਚੋਂ ਕੱਢ ਕੇ ਗਿਆਨ ਦੇ ਚਾਣਨ ਵੱਲ ਲੈ ਜਾ ਸਕਦੀ ਹੈ।ਉਨ੍ਹਾਂ ਦੀ ਕੋਸ਼ਿਸ਼ ਇਹ ਹੁੰਦੀ ਹੈ ਕਿ ਸੇਵਾ ਮੁਕਤ ਅਧਿਆਪਕ ਦੀ ਤਨਖਾਹ ਅਦਾਇਗੀ, ਤਰੱਕੀ, ਸੇਵਾਮੁਕਤੀ ਤੋਂ ਬਾਅਦ ਦੇ ਬਕਾਏ ਆਦਿ ਵਿੱਚ ਕੋਈ ਦੇਰੀ ਨਾ ਹੋਵੇ। ਇਸ ਮੌਕੇ ਸਾਬਕਾ ਡੀਈਓ ਗੁਰਚਰਨ ਸਿੰਘ ਮੁਲਤਾਨੀ ਨੇ ਕਿਹਾ ਕਿ ਅਧਿਆਪਕਾਂ ਲਈ ਹਮੇਸ਼ਾ ਲੜਨ ਵਾਲੀ ਜੀਟੀਯੂ ਜਥੇਬੰਦੀ ਦੀ ਜ਼ਿਲ੍ਹਾ ਕਪੂਰਥਲਾ ਇਕਾਈ ਨੇ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਸਨਮਾਨਿਤ ਕਰਕੇ ਇਤਿਹਾਸਕ ਕੰਮ ਕੀਤਾ ਹੈ, ਜਿਸ ਨਾਲ ਹੋਰਨਾਂ ਨੂੰ ਵੀ ਵਧੀਆ ਸੇਵਾਵਾਂ ਦੇਣ ਦੀ ਪ੍ਰੇਰਨਾ ਮਿਲੇਗੀ।
ਸਮਾਗਮ ਵਿੱਚ ਅਧਿਆਪਕਾਂ ਵੱਲੋਂ ਡੀਈਓ, ਪ੍ਰਿੰਸੀਪਲ ਸਾਹਿਬਾਨ, ਰਾਜ ਸਭਾ ਮੈਂਬਰ, ਵਾਤਾਵਰਣ ਪ੍ਰੇਮੀ ਪਦਮਸ਼੍ਰੀ ਸੰਤ ਬਲਬੀਰ ਸਿੰਘ ਸੀਚੇਵਾਲ, ਦੇ ਸੇਵਾਦਾਰ ਮਨੋਜ ਸ਼ਰਮਾ, ਉੱਘੇ ਪੱਤਰਕਾਰ ਕੁਲਬੀਰ ਸਿੰਘ ਮਿੰਟੂ ਦਾ ਵੀ ਸਨਮਾਨ ਕੀਤਾ ਗਿਆ। ਇਸ ਮੌਕੇ ਪਿ੍ੰਸੀਪਲ ਧਿਆਨ ਸਿੰਘ ਮੰਡ , ਜ਼ਿਲ੍ਹਾ ਸਿੱਖਿਆ ਅਫ਼ਸਰ ਦਫ਼ਤਰ ਦੇ ਸਾਬਕਾ ਸੁਪਰਡੈਂਟ ਹਰਬੰਸ ਸਿੰਘ, ਐਮ.ਸੀ.ਯੂ ਦੇ ਜ਼ਿਲ੍ਹਾ ਪ੍ਰਧਾਨ ਮਾਸਟਰ ਨਰੇਸ਼ ਕੋਹਲੀ, ਦੀਦਾਰ ਸਿੰਘ, ਜੋਗਿੰਦਰ ਸਿੰਘ, ਜਗਜੀਤ ਸਿੰਘ, ਜਗਦੀਸ਼ ਸੁਪਰਡੈਂਟ, ਬਲਜੀਤ ਸਿੰਘ ਟਿੱਬਾ, ਰਮੇਸ਼ ਕੁਮਾਰ, ਕੰਵਰਦੀਪ ਸਿੰਘ, ਸੁਖਦੇਵ ਸਿੰਘ, ਬਲਬੀਰ ਸਿੰਘ ਕਾਲਰੂ, ਪਰਮਜੀਤ ਲਾਲ, ਅਸ਼ਵਨੀ ਕੁਮਾਰ, ਧਰਮਵੀਰ, ਗੋਪਾਲ ਕ੍ਰਿਸ਼ਨ, ਪ੍ਰਦੀਪ ਸਿੰਘ ਟੋਨੀ ਆਦਿ ਹਾਜ਼ਰ ਸਨ।

Leave a comment

Your email address will not be published. Required fields are marked *