ਚੰਨੀ ਨਿਰਮਲ ਕੁਟੀਆ ਸੀਚੇਵਾਲ ਹੋਏ ਨਤਮਸਤਕ, ਧਰਤੀ ਹੇਠਲੇ ਘਟ ਰਹੇ ਪਾਣੀ ਦੇ ਪੱਧਰ ’ਤੇ ਜਤਾਈ ਚਿੰਤਾ

ਸੁਲਤਾਨਪੁਰ ਲੋਧੀ (ਨਿ.ਪ.ਪ.) ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਜਲੰਧਰ ਤੋਂ ਲੋਕ ਸਭਾ ਉਮੀਦਵਾਰ ਚਰਨਜੀਤ ਸਿੰਘ ਚੰਨੀ ਬੀਤੇ ਦਿਨੀਂੰ ਨਿਰਮਲ ਕੁਟੀਆ ਸੀਚੇਵਾਲ ਨਤਮਸਤਕ ਹੋਏ ਤੇ ਵਾਤਾਵਰਣ ਪੇ੍ਰਮੀ ਸੰਤ ਬਲਬੀਰ ਸਿੰਘ ਸੀਚੇਵਾਲ ਤੋਂ ਅਸ਼ੀਰਵਾਦ ਲਿਆ। ਇਸ ਮੌਕੇ ਸੰਤ ਸੀਚੇਵਾਲ ਨੇ ਪੰਜਾਬ ਦੀ ਵਿਗੜ ਰਹੀ ਵਾਤਾਵਰਣ ਦੀ ਸਥਿਤੀ ਤੋਂ ਜਾਣੂ ਕਰਵਾਇਆ ਤੇ ਦੱਸਿਆ ਕਿ ਕਿਵੇਂ ਧਰਤੀ ਹੇਠਲਾ ਪਾਣੀ ਡੂੰਘਾ ਹੁੰਦਾ ਜਾ ਰਿਹਾ ਹੈ ਤੇ ਦਰਿਆਵਾਂ ਦੇ ਪਾਣੀ ਪਲੀਤ ਹੋ ਗਏ ਹਨ। ਪੰਜਾਬ ਵਿੱਚ ਜੰਗਲਾਤ ਹੇਠਾਂ ਰਕਬਾ ਤੇਜ਼ੀ ਨਾਲ ਘਟ ਰਿਹਾ ਹੈ। ਸੰਤ ਸੀਚੇਵਾਲ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੁੰ ਲੋਕ ਸਭਾ ਚੋਣਾਂ ਦੌਰਾਨ ਵਾਤਾਵਰਣ ਦਾ ਏਜੰਡਾ ਸੌਂਪਿਆ। ਉਨ੍ਹਾਂ ਚੰਨੀ ਨੂੰ ਕਿਹਾ ਕਿ ਚੋਣ ਪ੍ਰਚਾਰ ਦੌਰਾਨ ਉਹ ਲੋਕਾਂ ਦੇ ਇਸ ਏਜੰਡੇ ਨੂੰ ਆਪਣੀ ਚੋਣ ਮੁਹਿੰਮ ਦਾ ਹਿੱਸਾ ਬਣਾਉਣ। ਸੰਤ ਸੀਚੇਵਾਲ ਨੇ ਦੱਸਿਆ ਕਿ ਜਲੰਧਰ ਜਲਵਾਯੂ ਤਬਦੀਲੀ ਦੀ ਮਾਰ ਹੇਠ ਆਉਣ ਵਾਲੇ ਜ਼ਿਲ੍ਹਿਆਂ ਵਿੱਚੋਂ ਸਭ ਤੋਂ ਵੱਧ ਸੰਵੇਦਨਸ਼ੀਲ ਹੈ। ਵਰਲਡ ਵਾਈਡ ਫੰਡ ਫਾਰ ਨੇਚਰ ਦੀ ਰਿਪੋਰਟ ਦਾ ਹਵਾਲਾ ਦਿੰਦਿਆ ਸੰਤ ਸੀਚੇਵਾਲ ਨੇ ਦੱਸਿਆ ਕਿ ਜਲੰਧਰ, ਲੁਧਿਆਣਾ ਤੇ ਅੰਮ੍ਰਿਤਸਰ ਸਮੇਤ ਦੇਸ਼ ਦੇ 30 ਸ਼ਹਿਰਾਂ ਵਿੱਚ 2050 ਤੱਕ ਪੀਣ ਵਾਲੇ ਪਾਣੀ ਦਾ ਸੰਕਟ ਖੜ੍ਹਾ ਹੋ ਜਾਵੇਗਾ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸੰਤ ਸੀਚੇਵਾਲ ਨੂੰ ਮੁਖਾਤਿਬ ਹੁੰਦਿਆ ਕਿਹਾ ਕਿ ਪੰਜਾਬ ਨੂੰ ਤੁਹਾਡੀ ਬੜੀ ਦੇਣ ਹੈ। ਚੰਨੀ ਨੇ ਸੰਤ ਸੀਚੇਵਾਲ ਨੂੰ ਰਾਜਨੀਤੀ ਤੋਂ ਉਪਰ ਦੱਸਦਿਆ ਕਿਹਾ ਕਿ ਉਨ੍ਹਾ ਨੇ ਪੰਜਾਬ ਦੇ ਭਲੇ ਲਈ ਜਾਨੂੰਨੀ ਹੋ ਕੇ ਸੇਵਾ ਕੀਤੀ ਹੈ। ਉਨ੍ਹਾਂ ਕਿਹਾ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਸਾਲ ਮੌਕੇ ਕਰਵਾਏ ਸਮਾਗਮਾਂ ਵਿੱਚ ਸੰਤ ਸੀਚੇਵਾਲ ਦੇ ਕੰਮਾਂ ਦੀ ਵੀ ਪ੍ਰਸੰਸ਼ਾ ਕੀਤੀ। ਚੰਨੀ ਨੇ ਦੱਸਿਆ ਕਿ ਉਨ੍ਹਾਂ ਨੂੰ ਮੁੱਖ ਮੰਤਰੀ ਦੇ ਤੌਰ ’ਤੇ ਬੜਾ ਥੋੜ੍ਹਾ ਸਮਾਂ ਮਿਲਿਆ ਸੀ। ਉਨ੍ਹਾਂ ਨੇ ਪੰਜਾਬ ਦੇ ਦਰਿਆਵਾਂ ਨੂੰ ਸਾਫ ਕਰਨ ਲਈ ਪੂਰਾ ਰੋਡ ਮੈਪ ਤਿਆਰ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਵੱਲੋਂ ਦਿੱਤੇ ਸੰਦੇਸ਼ ਅਨੁਸਾਰ ਹੀ ਸੰਤ ਸੀਚੇਵਾਲ ਜੀ ਪੰਜਾਬ ਦੀ ਸੇਵਾ ਕਰ ਰਹੇ ਹਨ। ਪੰਜਾਬ ਵਿੱਚ ਕਾਂਗਰਸ ਦੇ ਹੱਥ ਸੱਤਾ ਆਈ ਤਾਂ ਪੰਜਾਬ ਦੇ ਵਿਕਾਸ ਦੀਆਂ ਚਾਬੀਆਂ ਸੰਤ ਸੀਚੇਵਾਲ ਦੇ ਹੱਥਾਂ ਵਿੱਚ ਫੜਾ ਦੇਣਗੇ। ਉਨ੍ਹਾਂ ਕਿਹਾ ਕਿ ਪੰਜਾਬ ਦਾ ਵਾਤਾਵਰਣ ਸਾਫ ਸੁਥਰਾ ਰਹੇਗਾ ਤਾਂ ਹੀ ਲੋਕ ਤੰਦਰੁਸਤ ਰਹਿਣਗੇ। ਇਸ ਮੌਕੇ ਸ਼ਾਹਕੋਟ ਹਲਕੇ ਤੋਂ ਕਾਂਗਰਸ ਦੇ ਵਿਧਾਇਕ ਹਰਦੇਵ ਸਿੰਘ ਲਾਡੀ ਤੇ ਹੋਰ ਕਾਂਗਰਸੀ ਆਗੂ ਵੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ ।
