ਜਲਾਲਾਬਾਦ ਦੀ ਪੁਲਿਸ ਵੱਲੋਂ ਵਕੀਲਾਂ ਦੇ ਮਾਮਲੇ ਹੱਲ ਨਾ ਕਰਨ ਕਾਰਨ ਵਕੀਲਾਂ ਨੇ ਕੀਤਾ ਤਿੱਖੇ ਸੰਘਰਸ਼ ਦਾ ਐਲਾਨ

ਜਲਾਲਾਬਾਦ (ਮਨੋਜ ਕੁਮਾਰ) ਲੋਕਾਂ ਨੂੰ ਨਿਆਂ ਦਿਵਾਉਣ ਲਈ ਲੜਨ ਵਾਲੇ ਵਕੀਲ ਭਾਈਚਾਰੇ ਨੂੰ ਜਦੋਂ ਪੁਲਿਸ ਤੋਂ ਇਨਸਾਫ ਨਾ ਮਿਲੇ ਤਾਂ ਫਿਰ ਆਮ ਲੋਕਾਂ ਨੂੰ ਇਨਸਾਫ ਮਿਲਣ ਦੀ ਆਸ ਨਹੀਂ ਕੀਤੀ ਜਾ ਸਕਦੀ। ਇਸੇ ਤਰ੍ਹਾਂ ਦੇ ਕਈ ਮਾਮਲਿਆਂ ਵਿੱਚ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਤੋਂ ਕੰਨੀ ਕਤਰਾ ਰਹੀ ਹੈ ਜਲਾਲਾਬਾਦ ਦੀ ਪੁਲਿਸ। ਜਲਾਲਾਬਾਦ ਪੁਲਿਸ ਅਧਿਕਾਰੀਆਂ ਦੀ ਨਲਾਇਕੀ ਅਤੇ ਅਣਗਹਿਲੀ ਤੋ ਖਫਾ ਹੋਏ ਜਲਾਲਾਬਾਦ ਦੇ ਵਕੀਲ ਭਾਈਚਾਰੇ ਨੇ ਤਿੱਖਾ ਸੰਘਰਸ਼ ਵਿੱਢਣ ਦਾ ਐਲਾਨ ਕੀਤਾ ਹੈ। ਸਥਾਨਕ ਬਾਰ ਐਸੋਸੀਏਸ਼ਨ ਜਲਾਲਾਬਾਦ ਵੱਲੋਂ ਅੱਜ ਹਾਊਸ ਦੀ ਇੱਕ ਹੰਗਾਮੀ ਮੀਟਿੰਗ ਬਾਰ ਰੂਮ ਜਲਾਲਾਬਾਦ ਵਿਖੇ ਕੀਤੀ ਗਈ, ਜਿਸ ਵਿੱਚ ਵਕੀਲਾਂ ਦੇ ਪਿਛਲੇ ਲੰਬੇ ਸਮੇਂ ਤੋਂ ਲਟਕਦੇ ਆ ਰਹੇ ਮਾਮਲਿਆਂ ਤੇ ਗੰਭੀਰ ਚਰਚਾ ਹੋਈ। ਮੀਟਿੰਗ ਵਿੱਚ ਲਏ ਗਏ ਫ਼ੈਸਲਿਆਂ ਬਾਰੇ ਜਾਣਕਾਰੀ ਦਿੰਦਿਆਂ ਬਾਰ ਐਸੋਸੀਏਸ਼ਨ ਜਲਾਲਾਬਾਦ ਦੇ ਪ੍ਰਧਾਨ ਐਡਵੋਕੇਟ ਕਰਮਜੀਤ ਸਿੰਘ ਸੰਧੂ ਅਤੇ ਸਕੱਤਰ ਐਡਵੋਕੇਟ ਕੁਲਵੰਤ ਸਿੰਘ ਮੁਜੈਦੀਆ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਬਾਰ ਐਸੋਸੀਏਸ਼ਨ ਜਲਾਲਾਬਾਦ ਨਾਲ ਸੰਬੰਧਿਤ ਕਈ ਵਕੀਲ ਸਾਥੀਆਂ ਦੇ ਮਾਮਲੇ ਜਲਾਲਾਬਾਦ ਪੁਲਿਸ ਦੇ ਥਾਣਿਆਂ ਵਿੱਚ ਚੱਲ ਰਹੇ ਹਨ। ਇਹਨਾਂ ਮਾਮਲਿਆਂ ਵਿੱਚ ਜਲਾਲਾਬਾਦ ਦੀ ਪੁਲਿਸ ਵੱਲੋਂ ਕਿਸੇ ਤਰ੍ਹਾਂ ਦੀ ਵੀ ਦੋਸ਼ੀਆਂ ਖਿਲਾਫ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ। ਉਨਾਂ ਦੱਸਿਆ ਕਿ ਜਿਨਾਂ ਮਾਮਲਿਆਂ ਬਾਰੇ ਉਹ ਜਲਾਲਾਬਾਦ ਦੇ ਡੀਐਸਪੀ ਅਤੇ ਜਲਾਲਾਬਾਦ ਸਿਟੀ ਦੇ ਐਸਐਚਓ ਨੂੰ ਮਿਲੇ ਹਨ,ਉਹ ਅਤਿ ਗੰਭੀਰ ਹਨ ਅਤੇ ਉਹਨਾਂ ਸਾਰੇ ਮਾਮਲਿਆਂ ਬਾਰੇ ਉਹ ਕਾਨੂੰਨੀ ਤੌਰ ਤੇ ਸਾਰੇ ਸਬੂਤ ਪੇਸ਼ ਕਰ ਚੁੱਕੇ ਹਨ। ਪਰੰਤੂ ਇਸ ਸਭ ਦੇ ਬਾਵਜੂਦ ਪੁਲਿਸ ਅਧਿਕਾਰੀਆਂ ਵੱਲੋਂ ਮਿੱਠੀਆਂ ਗੋਲੀਆਂ ਦੇਣ ਤੋਂ ਇਲਾਵਾ ਕੁਝ ਨਹੀਂ ਕੀਤਾ ਜਾ ਰਿਹਾ। ਬਾਰ ਐਸੋਸੀਏਸ਼ਨ ਦੇ ਪ੍ਰਧਾਨ ਨੇ ਸਖ਼ਤ ਰੁਖ ਅਪਣਾਉਂਦਿਆਂ ਕਿਹਾ ਕਿ ਹੁਣ ਪੁਲਿਸ ਵਾਲਿਆਂ ਨਾਲ ਕੋਈ ਵੀ ਮੀਟਿੰਗ ਨਹੀਂ ਕੀਤੀ ਜਾਵੇਗੀ ਅਤੇ ਉਹਨਾਂ ਖਿਲਾਫ ਸਖਤ ਐਕਸ਼ਨ ਲੈਂਦਿਆਂ ਜਿੱਥੇ ਸੰਘਰਸ਼ ਵਿੱਢਿਆ ਜਾਵੇਗਾ, ਉਥੇ ਨਾਲ ਹੀ ਦੋਸ਼ੀਆਂ ਖਿਲਾਫ ਕਾਰਵਾਈ ਨਾ ਕਰਨ ਵਾਲੇ ਦੋਸ਼ੀ ਪੁਲਿਸ ਅਫਸਰਾਂ ਖਿਲਾਫ ਵਿਭਾਗੀ ਅਤੇ ਕਾਨੂੰਨੀ ਕਾਰਵਾਈ ਵੀ ਕਰਵਾਈ ਜਾਵੇਗੀ। ਉਨਾਂ ਹੈਰਾਨੀ ਭਰਿਆ ਖੁਲਾਸਾ ਕਰਦਿਆਂ ਕਿਹਾ ਕਿ ਇਕ ਮਾਮਲੇ ਦੇ ਦੋਸ਼ੀਆਂ ਵੱਲੋਂ ਮਾਨਯੋਗ ਅਦਾਲਤ ਸਾਹਮਣੇ ਪੁਲਿਸ ਦੀ ਹਾਜ਼ਰੀ ਵਿੱਚ ਜੁਰਮ ਕਬੂਲ ਲਿਆ ਗਿਆ, ਪ੍ਰੰਤੂ ਪੁਲਿਸ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਇੱਕ ਹੋਰ ਮਾਮਲੇ ਦਾ ਜ਼ਿਕਰ ਕਰਦਿਆਂ ਪ੍ਰਧਾਨ ਸੰਧੂ ਨੇ ਕਿਹਾ ਕਿ ਇੱਕ ਵਕੀਲ ਪਰਿਵਾਰ ਦੇ ਘਰ ਵਿੱਚੋਂ ਦਿਨ ਦਿਹਾੜੇ ਇੱਕ ਪੁਲਿਸ ਮੁਲਾਜ਼ਮ ਵੱਲੋਂ ਆਪਣੇ ਨਾਲ ਕਈ ਵਿਅਕਤੀ ਲੈ ਕੇ ਸ਼ਰੇਆਮ ਉਹਨਾਂ ਦਾ ਸਮਾਨ ਚੋਰੀ ਕਰ ਲਿਆ ਗਿਆ, ਪਰੰਤੂ ਪੁਲਿਸ ਅਜੇ ਤੱਕ ਮੂਕ ਦਰਸ਼ਕ ਬਣ ਕੇ ਦੇਖ ਰਹੀ ਹੈ। ਬਾਰ ਐਸੋਸੀਏਸ਼ਨ ਜਲਾਲਾਬਾਦ ਵੱਲੋਂ ਸਰਬ ਸੰਮਤੀ ਨਾਲ ਮਤਾ ਪਾਸ ਕੀਤਾ ਗਿਆ ਹੈ ਕਿ ਸੋਮਵਾਰ ਤੋਂ ਉਹ ਤਿੱਖੇ ਸੰਘਰਸ਼ ਲਈ ਪਹਿਲਾਂ ਕੰਮਕਾਜ ਦੀ ਮੁਕੰਮਲ ਹੜਤਾਲ ਕਰਨਗੇ ਅਤੇ ਉਸ ਤੋਂ ਬਾਅਦ ਅਗਲਾ ਤਿੱਖਾ ਰੁੱਖ ਅਪਣਾਇਆ ਜਾਵੇਗਾ। ਇੱਥੇ ਹੀ ਬੱਸ ਨਹੀਂ ਸਮੂਹ ਹਾਊਸ ਵੱਲੋਂ ਪਾਸ ਕੀਤਾ ਗਿਆ ਹੈ ਕਿ ਜਿਨਾਂ ਪੁਲਿਸ ਅਫਸਰਾਂ ਵੱਲੋਂ ਦੋਸ਼ੀਆਂ ਖਿਲਾਫ ਕਾਰਵਾਈ ਨਹੀਂ ਕੀਤੀ ਗਈ,ਉਹਨਾਂ ਖਿਲਾਫ ਵਿਭਾਗੀ ਅਤੇ ਕਾਨੂੰਨੀ ਕਾਰਵਾਈ ਕਰਵਾਈ ਜਾਵੇਗੀ।
