August 7, 2025
#National

ਜ਼ਿਲ੍ਹੇ ਗੁਰਦਾਸਪੁਰ ਵਿੱਚ ਪੰਜਾਬ ਦੇ ਇਤਿਹਾਸ ਅਤੇ ਵਿਰਸੇ ਨੂੰ ਰੂਪਮਾਨ ਕਰਦੀਆਂ ਝਾਕੀਆਂ 12 ਫਰਵਰੀ ਨੂੰ ਪਹੁੰਚਣਗੀਆਂ

ਬਟਾਲਾ (ਲਵਪ੍ਰੀਤ ਸਿੰਘ ਖੁਸ਼ੀਪੁਰ) ਡਾ. ਹਿਮਾਂਸ਼ੂ ਅਗਰਵਾਲ, ਡਿਪਟੀ ਕਮਿਸ਼ਨਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੇਸ਼ ਦੀ ਆਜ਼ਾਦੀ ਦੇ ਸੰਘਰਸ਼ ਵਿਚ ਪੰਜਾਬੀਆਂ ਦੇ ਅਹਿਮ ਯੋਗਦਾਨ, ਨਾਰੀ ਸ਼ਕਤੀ ਅਤੇ ਪੰਜਾਬ ਦੇ ਅਮੀਰ ਸੱਭਿਆਚਾਰਕ ਵਿਰਸੇ ਨੂੰ ਰੂਪਮਾਨ ਕਰਦੀਆਂ 12 ਫਰਵਰੀ ਨੂੰ ਗੁਰਦਾਸਪੁਰ ਜ਼ਿਲੇ ਵਿੱਚ ਪਹੁੰਚਣਗੀਆਂ।ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ 12 ਫਰਵਰੀ ਦਿਨ ਸੋਮਵਾਰ ਨੂੰ ਸਵੇਰੇ ਇਹ ਝਾਕੀਆਂ ਪਠਾਨਕੋਟ ਜ਼ਿਲ੍ਹੇ ਰਾਹੀਂ ਜ਼ਿਲ੍ਹਾ ਗੁਰਦਾਸਪੁਰ ਵਿੱਚ ਦਾਖਲ ਹੋਣਗੀਆਂ, ਜਿਥੇ ਦੀਨਾਨਗਰ ਵਿਖੇ ਇਨ੍ਹਾਂ ਝਾਕੀਆਂ ਦਾ ਭਰਵਾਂ ਸਵਾਗਤ ਕੀਤਾ ਜਾਵੇਗਾ। ਦੀਨਾਨਗਰ ਤੋਂ ਬਾਅਦ ਇਹ ਝਾਕੀਆਂ ਗੁਰਦਾਸਪੁਰ ਸ਼ਹਿਰ ਪਹੁੰਚਣਗੀਆਂ ਜਿਥੇ ਗੁਰਦਾਸਪੁਰ ਵਾਸੀ ਇਨ੍ਹਾਂ ਦੇ ਦਰਸ਼ਨ ਕਰਨਗੇ। ਉਨ੍ਹਾਂ ਦੱਸਿਆ ਕਿ ਝਾਕੀਆਂ ਦਾ ਰਾਤ ਦਾ ਠਹਿਰਾਅ ਗੁਰਦਾਸਪੁਰ ਵਿਖੇ ਹੋਵੇਗਾ।ਉਨਾਂ ਨੇ ਅੱਗੇ ਦੱਸਿਆ ਕਿ 13 ਫਰਵਰੀ ਨੂੰ ਸਵੇਰੇ ਇਹ ਝਾਕੀਆਂ ਧਾਰੀਵਾਲ ਨੂੰ ਰਵਾਨਾ ਹੋਣਗੀਆਂ ਜਿਥੋਂ ਅੱਗੇ ਇਹ ਨੌਸ਼ਿਹਰਾ ਮੱਝਾ ਸਿੰਘ ਅਤੇ ਬਟਾਲਾ ਸ਼ਹਿਰ ਵਿਖੇ ਪਹੁੰਚਣਗੀਆਂ। ਬਟਾਲਾ ਤੋਂ ਬਾਅਦ ਇਹ ਝਾਕੀਆਂ ਆਪਣੇ ਅਗਲੇ ਪੜਾਅ ਵੱਲ ਚਲੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਝਾਕੀਆਂ ਦੇ ਪ੍ਰਦਰਸ਼ਨ ਦੌਰਾਨ ਕੀਤੀਆਂ ਜਾਣ ਵਾਲੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਤੌਰ ’ਤੇ ਤਿਆਰ ਕਰਵਾਈਆਂ ਇਨ੍ਹਾਂ ਝਾਕੀਆਂ ਵਿਚ ਜਲਿ੍ਹਆਂਵਾਲੇ ਬਾਗ ਦੀ ਘਟਨਾ, ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ, ਸ਼ਹੀਦ ਕਰਤਾਰ ਸਿੰਘ ਸਰਾਭਾ, ਸ਼ਹੀਦ ਊਧਮ ਸਿੰਘ, ਬਾਬਾ ਸੋਹਨ ਸਿੰਘ ਭਕਨਾ, ਲਾਲਾ ਲਾਜਪਤ ਰਾਏ, ਸ਼ਹੀਦ ਸੁਖਦੇਵ, ਲਾਲਾ ਹਰਦਿਆਲ, ਸਰਦਾਰ ਅਜੀਤ ਸਿੰਘ, ਬਾਬਾ ਖੜਕ ਸਿੰਘ, ਮਦਨ ਲਾਲ ਢੀਂਗਰਾ, ਡਾ. ਦੀਵਾਨ ਸਿੰਘ ਕਾਲੇਪਾਣੀ ਵਰਗੀਆਂ ਮਹਾਨ ਸ਼ਖ਼ਸੀਅਤਾਂ ਦੀ ਕੁਰਬਾਨੀ ਅਤੇ ਕਾਮਾਗਾਟਾ ਮਾਰੂ ਦੀ ਘਟਨਾ ਨੂੰ ਦਿਖਾਇਆ ਗਿਆ ਹੈ।ਇਸੇ ਤਰ੍ਹਾਂ ਦੂਜੀ ਝਾਕੀ ਜ਼ਰੀਏ ਨਾਰੀ ਸਸ਼ਕਤੀਕਰਨ (ਮਾਈ ਭਾਗੋ ਦੀ ਸੂਰਮਗਤੀ) ਅਤੇ ਮਾਈ ਭਾਗੋ ਆਰਮਡ ਫੋਰਸ਼ਜ ਪ੍ਰੈਪਰੇਟਰੀ ਇੰਸਟੀਚਿਊਟ ਫਾਰ ਗਰਲਜ਼ ਦੁਆਰਾ ਵੱਖ-ਵੱਖ ਖੇਤਰਾਂ ਵਿੱਚ ਨਾਮ ਰੌਸ਼ਨ ਕਰਨ ਵਾਲੀਆਂ ਮਹਿਲਾਵਾਂ ਨੂੰ ਦਰਸਾਇਆ ਗਿਆ ਹੈ। ਇਸੇ ਤਰ੍ਹਾਂ ਤੀਜੀ ਝਾਕੀ ਦੇ ਰਾਹੀਂ ਪੰਜਾਬ ਦੀ ਅਮੀਰ ਵਿਰਾਸਤ ਅਤੇ ਸਭਿਆਚਾਰ ਦੀ ਇਕ ਝਲਕ ਪੇਸ਼ ਕੀਤੀ ਗਈ ਹੈ।ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ 12 ਤੇ 13 ਫਰਵਰੀ ਨੂੰ ਜ਼ਿਲ੍ਹਾ ਗੁਰਦਾਸਪੁਰ ਵਿੱਚ ਪਹੁੰਚ ਰਹੀਆਂ ਝਾਕੀਆਂ ਦੇ ਦਰਸ਼ਨਾਂ ਲਈ ਹੁੰਮ-ਹੁੰਮਾ ਕੇ ਪਹੁੰਚਣ।

Leave a comment

Your email address will not be published. Required fields are marked *