ਝੂਠੇ ਸਬਜਬਾਗ਼ ਦਿਖਾ ਕੇ ਜਿੱਤ ਦਾ ਸੁਪਨਾ ਦੇਖ ਰਿਹਾ ਕੇਜਰੀਵਾਲ ਦਾ ਟੋਲਾ – ਖੋਸਲਾ

ਫਗਵਾੜਾ (ਸ਼ਿਵ ਕੋੜਾ) ਫਗਵਾੜਾ ਦੇ ਏ.ਡੀ.ਸੀ. ਕਮ ਨਿਗਮ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਦੇ ਡੀ.ਸੀ. ਕਪੂਰਥਲਾ ਵਜੋਂ ਤਾਇਨਾਤ ਹੋਣ ਤੋਂ ਬਾਅਦ ਫਗਵਾੜਾ ਦਾ ਵਿਕਾਸ ਇੱਕ ਵਾਰ ਫਿਰ ਰੁਕ ਗਿਆ ਹੈ ਅਤੇ ਸ਼ਹਿਰ ਅਨਾਥ ਹੋ ਕੇ ਰਹਿ ਗਿਆ ਹੈ। ਇਹ ਟਿੱਪਣੀ ਭਾਜਪਾ ਦੇ ਸੀਨੀਅਰ ਆਗੂ ਅਤੇ ਸ਼ਹਿਰ ਦੇ ਸਾਬਕਾ ਮੇਅਰ ਅਰੁਣ ਖੋਸਲਾ ਨੇ ਇੱਥੇ ਗੱਲਬਾਤ ਦੌਰਾਨ ਕੀਤੀ। ਉਨ੍ਹਾਂ ਕਿਹਾ ਕਿ ਫਗਵਾੜਾ ਪਿਛਲੇ ਦੋ ਸਾਲਾਂ ਤੋਂ ਭਗਵੰਤ ਮਾਨ ਸਰਕਾਰ ਦੀ ਅਨੁਭਵਹੀਨਤਾ ਦਾ ਸੰਤਾਪ ਭੋਗ ਰਿਹਾ ਹੈ। ਕਿਉਂਕਿ ਪਹਿਲਾਂ ਤਾਂ ਹਾਰ ਦੇ ਡਰੋਂ ਭਗਵੰਤ ਮਾਨ ਸਰਕਾਰ ਨੇ ਨਿਗਮ ਚੋਣਾਂ ਨਹੀਂ ਕਰਵਾਈਆਂ ਜਿਸ ਕਾਰਨ ਸ਼ਹਿਰ ਦਾ ਕੋਈ ਮੇਅਰ ਨਹੀਂ ਹੈ ਜੋ ਵਿਕਾਸ ਅਤੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਵਾ ਸਕੇ। ਫਿਰ ਕਮਿਸ਼ਨਰ ਦੇ ਅਹੁਦੇ ’ਤੇ ਇਕ ਅਜਿਹੀ ਅਧਿਕਾਰੀ ਨੂੰ ਨਿਗਮ ਕਮਿਸ਼ਨਰ ਨਿਯੁਕਤ ਕੀਤਾ ਗਿਆ ਜੋ ਆਪਣੇ ਸਿਆਸੀ ਆਕਾ ਦੇ ਇਸ਼ਾਰੇ ’ਤੇ ਸ਼ਹਿਰ ਦੇ ਵਿਕਾਸ ‘ਚ ਅੜਿੱਕਾ ਬਣਦੀ ਰਹੀ। ਹੁਣ ਅਮਿਤ ਕੁਮਾਰ ਪੰਚਾਲ ਦੀ ਬਤੌਰ ਡਿਪਟੀ ਕਮਿਸ਼ਨਰ ਕਪੂਰਥਲਾ ਤਰੱਕੀ ਤੋਂ ਬਾਅਦ ਨਿਗਮ ਕੋਲ ਕਮਿਸ਼ਨਰ ਵੀ ਨਹੀਂ ਹੈ। ਜਿਸ ਕਾਰਨ ਲੋਕ ਦੁਚਿੱਤੀ ਵਿੱਚ ਹਨ ਕਿ ਆਪਣੇ ਵਾਰਡ ਦੀਆਂ ਸਮੱਸਿਆਵਾਂ ਲੈ ਕੇ ਕਿੱਥੇ ਜਾਣ। ਉਹਨਾਂ ਦੱਸਿਆ ਕਿ ਨਿਗਮ ਅਧਿਕਾਰੀਆਂ ਵਲੋਂ ਲੋਕਾਂ ਨੂੰ ਸੀਵਰੇਜ ਦੇ ਬਿੱਲ ਭਰਨ ਲਈ ਕਿਹਾ ਜਾ ਰਿਹਾ ਹੈ। ਰੇਹੜੀ-ਫੜ੍ਹੀ ਵਾਲਿਆਂ ਦੀਆਂ ਪਰਚੀਆਂ ਕੱਟੀਆਂ ਜਾ ਰਹੀਆਂ ਹਨ ਪਰ ਹਰ ਪੱਧਰ ’ਤੇ ਵਸੂਲੀ ਹੋਣ ਦੇ ਬਾਵਜੂਦ ਦਰਜਾ ਚਾਰ ਮੁਲਾਜ਼ਮਾਂ ਦੀਆਂ ਤਨਖਾਹਾਂ ਨਹੀਂ ਦਿੱਤੀਆਂ ਜਾ ਰਹੀਆਂ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਝੂਠੇ ਲਾਰੇ ਲਾ ਕੇ ਲੋਕਸਭਾ ਚੋਣਾਂ ਵਿੱਚ ਪੰਜਾਬ ਦੀਆਂ ਸਾਰੀਆਂ ਸੀਟਾਂ ਜਿੱਤਣ ਦਾ ਸੁਪਨਾ ਦੇਖ ਰਹੀ ਹੈ, ਜੋ ਕਦੇ ਵੀ ਪੂਰਾ ਨਹੀਂ ਹੋਵੇਗਾ। ਕਿਉਂਕਿ ਮੁੱਖ ਮੰਤਰੀ ਨੇ ਰੱਦ ਕੀਤੇ ਨੀਲੇ ਕਾਰਡ ਬਹਾਲ ਕਰਨ ਦੀ ਗੱਲ ਕਹੀ ਸੀ, ਪਰ ਹੁਣ ਲੋਕਾਂ ਨੂੰ ਦੁਬਾਰਾ ਫਾਰਮ ਭਰਨ ਲਈ ਕਿਹਾ ਜਾ ਰਿਹਾ ਹੈ, ਜਿਸ ਦੀ ਪ੍ਰਕਿਰਿਆ ਨੂੰ ਪੂਰਾ ਹੋਣ ਵਿਚ ਲੰਮਾ ਸਮਾਂ ਲੱਗੇਗਾ ਅਤੇ ਇਸ ਦੌਰਾਨ ਲੋਕਸਭਾ ਚੋਣਾਂ ਕਰਕੇ ਕੰਮ ਵਿਚਾਲੇ ਰੁਕ ਜਾਵੇਗਾ। ਡਿਪੂ ਹੋਲਡਰਾਂ ਨੂੰ ਬੇਰੁਜ਼ਗਾਰ ਕਰਨ ਦੇ ਇਰਾਦੇ ਨਾਲ ਕੇਂਦਰ ਵੱਲੋਂ ਭੇਜੀ ਕਣਕ ਦਾ ਆਟਾ ਮਾਰਕਫੈੱਡ ਦੇ ਮੁਲਾਜ਼ਮਾਂ ਤੋਂ ਵੰਡਾਇਆ ਜਾ ਰਿਹਾ ਹੈ। ਔਰਤਾਂ ਨੂੰ ਦਿੱਤੀ ਗਾਰੰਟੀ ਅਨੁਸਾਰ ਇੱਕ ਹਜਾਰ ਰੁਪਏ ਪ੍ਰਤੀ ਮਹੀਨਾ ਪੈਨਸ਼ਨ ਅਜੇ ਤੱਕ ਸ਼ੁਰੂ ਨਹੀਂ ਕੀਤੀ ਗਈ। ਕੇਂਦਰ ਸਰਕਾਰ ਦੀ ਹਰ ਸਕੀਮ ਦਾ ਸਿਹਰਾ ਭਗਵੰਤ ਮਾਨ ਖੁਦ ਲੈਣਾ ਚਾਹੁੰਦੇ ਹਨ, ਪਰ ਜਨਤਾ ਸਾਰੀ ਸੱਚਾਈ ਜਾਣਦੀ ਹੈ। ਸਾਬਕਾ ਮੇਅਰ ਨੇ ਦਾਅਵਾ ਕੀਤਾ ਕਿ ਪੰਜਾਬ ਦੇ ਲੋਕ ਆਉਣ ਵਾਲੀਆਂ ਲੋਕਸਭਾ ਚੋਣਾਂ ਵਿੱਚ ਚੰਡੀਗੜ੍ਹ ਸਮੇਤ ਪੰਜਾਬ ਅਤੇ ਦਿੱਲੀ ਦੀਆਂ ਸਾਰੀਆਂ ਸੀਟਾਂ ’ਤੇ ਕੇਜਰੀਵਾਲ ਦੇ ਟੋਲੇ ਨੂੰ ਵੱਡੀ ਹਾਰ ਦੇਣਗੇ। ਇਸ ਦੌਰਾਨ ਉਨ੍ਹਾਂ ਡਿਪਟੀ ਕਮਿਸ਼ਨਰ ਕਪੂਰਥਲਾ ਤੋਂ ਮੰਗ ਕੀਤੀ ਕਿ ਫਗਵਾੜਾ ਦੇ ਏਡੀਸੀ ਨੂੰ ਨਿਗਮ ਕਮਿਸ਼ਨਰ ਦਾ ਵਾਧੂ ਚਾਰਜ ਦਿੱਤਾ ਜਾਵੇ ਤਾਂ ਜੋ ਲੋਕਾਂ ਨੂੰ ਆ ਰਹੀਆਂ ਮੁਸ਼ਕਲਾਂ ਨੂੰ ਦੂਰ ਕੀਤਾ ਜਾ ਸਕੇ।
