ਠੇਕੇਦਾਰ ਪਰਚਿਆਂ ਦੇ ਨਾਮ ਤੇ ਵਸੂਲ ਰਿਹਾ ਹੈ ਜ਼ਬਰਨ ਪੈਸੇ/ ਸਬਜ਼ੀ ਮੰਡੀ ਦੇ ਗੇਟ ਤੇ ਲਗਾਇਆ ਧਰਨਾ

ਬੁਢਲਾਡਾ (ਦਵਿੰਦਰ ਸਿੰਘ ਕੋਹਲੀ) ਮਾਨਸਾ ਦੀ ਸਬਜ਼ੀ ਮੰਡੀ ਵਿੱਚੋਂ ਸਬਜ਼ੀਆਂ ਦੀ ਢੋਆ ਢੁਆਈ ਕਰਨ ਵਾਲੇ ਗ਼ਰੀਬ ਮਜ਼ਦੂਰਾਂ ਤੋਂ ਠੇਕੇਦਾਰ ਪਰਚਿਆਂ ਦੇ ਨਾਮ ਤੇ ਵਸੂਲ ਰਿਹਾ ਹੈ ਜ਼ਬਰਨ ਪੈਸੇ। ਜਿਸ ਦੇ ਖਿਲਾਫ਼ ਮਜ਼ਦੂਰ ਮੁਕਤੀ ਮੋਰਚਾ ਵੱਲੋਂ ਇਨ੍ਹਾਂ ਗਰੀਬ ਮਜ਼ਦੂਰਾਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਦਿਆਂ ਸਬਜ਼ੀ ਮੰਡੀ ਦੇ ਗੇਟ ਅੱਗੇ ਧਰਨਾ ਲਗਾ ਦਿੱਤਾ ਗਿਆ ਹੈ। ਇਸ ਮੌਕੇ ਤੇ ਟਰੈਕਟਰ ਚਾਲਕ ਬੱਗਾ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਅਸੀਂ ਕਾਫ਼ੀ ਲੰਬੇ ਸਮੇਂ ਜ਼ਿਲ੍ਹਾ ਪ੍ਰਸ਼ਾਸਨ, ਮੰਡੀ ਬੋਰਡ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਭੁੱਚਰ, ਵਿਧਾਇਕ ਡਾ ਵਿਜੈ ਸਿੰਗਲਾ ਅਤੇ ਮੰਤਰੀ ਗੁਰਮੀਤ ਸਿੰਘ ਖੁਡੀਆਂ ਨੂੰ ਵੀ ਆਪਣਾ ਮੰਗ ਪੱਤਰ ਦੇ ਚੁੱਕੇ ਹਾਂ, ਪਰ ਸਾਨੂੰ ਅੱਜ ਤੱਕ ਕੋਈ ਇਨਸਾਫ ਨਹੀਂ ਮਿਲਿਆ। ਸਗੋਂ ਪਹਿਲਾਂ ਨਾਲੋਂ ਜ਼ਿਆਦਾ ਪੈਸੇ ਵਸੂਲਣੇ ਸ਼ੁਰੂ ਕਰ ਦਿੱਤੇ ਗਏ ਹਨ। ਜਦਕਿ ਜ਼ਿਲ੍ਹਾ ਬਰਨਾਲਾ ਵਿੱਚ ਵੀ ਇਸੇ ਤਰ੍ਹਾਂ ਠੇਕੇਦਾਰ ਵੱਲੋਂ ਜਬਰੀ ਪੈਸੇ ਵਸੂਲੇ ਜਾਂਦੇ ਸਨ ਪਰ ਹੁਣ ਉੱਥੇ ਪਰਚੀ ਸਿਸਟਮ ਖਤਮ ਕਰ ਦਿੱਤਾ ਗਿਆ ਹੈ। ਇਸ ਮੌਕੇ ਤੇ ਮਜ਼ਦੂਰ ਮੁਕਤੀ ਮੋਰਚਾ ਦੇ ਸੀਨੀਅਰ ਆਗੂ ਭਗਵੰਤ ਸਿੰਘ ਸਮਾਓ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਜਦੋਂ ਤੋਂ ਬਣੀ ਹੈ ਉਦੋਂ ਤੋਂ ਹੀ ਮਜ਼ਦੂਰਾਂ ਅਤੇ ਗ਼ਰੀਬਾਂ ਦੇ ਨਾਲ ਧੱਕਾ ਕਰਦੀ ਆ ਰਹੀ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹਮੇਸ਼ਾ ਹੀ ਧਨਾਢ ਲੋਕਾਂ ਦੀ ਹਮਾਇਤ ਕੀਤੀ ਹੈ। ਮੈਂ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਗਰੀਬ ਮਜ਼ਦੂਰਾਂ ਨਾਲ ਧੱਕਾ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਜੇਕਰ ਇਨ੍ਹਾਂ ਗਰੀਬ ਮਜ਼ਦੂਰਾਂ ਦੀਆਂ ਮੰਗਾਂ ਦਾ ਜਲਦੀ ਹੱਲ ਨਹੀਂ ਕੀਤਾ ਗਿਆ ਤਾਂ ਇਹ ਧਰਨਾ ਵੱਡੇ ਰੂਪ ਵਿੱਚ ਲਗਾਇਆ ਜਾਵੇਗਾ ਅਤੇ ਉਦੋਂ ਤੱਕ ਧਰਨਾ ਲੱਗੇਗਾ ਜਦੋਂ ਤੱਕ ਇਨ੍ਹਾਂ ਮਜ਼ਦੂਰਾਂ ਦੀ ਸੁਣਵਾਈ ਨਹੀਂ ਹੁੰਦੀ। ਇਸ ਮੌਕੇ ਤੇ ਮਜ਼ਦੂਰ ਮੁਕਤੀ ਮੋਰਚਾ ਦੇ ਆਗੂ ਜਰਨੈਲ ਸਿੰਘ, ਟਹਿਲਾ ਸਿੰਘ ਤੋਂ ਇਲਾਵਾਂ ਅਨੇਕਾਂ ਮਜ਼ਦੂਰ ਹਾਜ਼ਰ ਸਨ।
