ਡਾ. ਹਰਨੇਕ ਸਿੰਘ ਹੇਅਰ ਦੇ ਨਾਵਲ ‘ਟਰਾਲੀਨਾਮਾ’ ਤੇ ਵਿਚਾਰ ਗੋਸ਼ਟੀ ਅਤੇ ਕਵੀ ਦਰਬਾਰ

ਗੁਰੂ ਨਾਨਕ ਨੈਸ਼ਨਲ ਕਾਲਜ, ਨਕੋਦਰ (ਕੋ-ਐਡ) ਵਿਖ਼ੇ ਡਾ. ਹਰਨੇਕ ਸਿੰਘ ਹੇਅਰ ਦੇ ਨਾਵਲ ‘ਟਰਾਲੀਨਾਮਾ’ ਤੇ ਇੱਕ ਵਿਚਾਰ ਗੋਸ਼ਟੀ ਦਾ ਆਯੋਜਨ ਕੀਤਾ ਗਿਆ । ਜਿਸ ਦੀ ਪ੍ਰਧਾਨਗੀ ਪੰਜਾਬ ਦੇ ਮਹਾਨ ਕਥਾਕਾਰ ਵਰਿਆਮ ਸੰਧੂ ਨੇ ਕੀਤੀ ਇਹਨਾਂ ਤੋਂ ਇਲਾਵਾ ਪ੍ਰਧਾਨਗੀ ਮੰਡਲ ਵਿੱਚ ਪ੍ਰਿੰ. ਸੁਖਵਿੰਦਰ ਸਿੰਘ ਰੰਧਾਵਾ, ਪ੍ਰਿੰ. ਕੁਲਵਿੰਦਰ ਸਿੰਘ ਸਰਾਏ ਅਤੇ ਪ੍ਰਿੰ. ਪ੍ਰਬਲ ਕੁਮਾਰ ਜੋਸ਼ੀ ਤੋਂ ਇਲਾਵਾ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਜਗੀਰ ਸਿੰਘ ਸੋਹੀ, ਸਕੱਤਰ ਸ.ਗੁਰਪ੍ਰੀਤ ਸਿੰਘ ਸੰਧੂ ਤੇ ਖਜਾਨਚੀ ਸੁਖਬੀਰ ਸੰਧੂ ਵੀ ਮੌਕੇ ਤੇ ਮੌਜੂਦ ਸਨ । ਗੋਸ਼ਟੀ ਦਾ ਆਰੰਭ ਡਾ. ਹਰਨੇਕ ਸਿੰਘ ਦੁਆਰਾ ਰਚਿਤ ਨਾਵਲ ‘ਕੂੜ ਅਮਾਵਸ’ ਵਿੱਚ ਦਰਜ ਟੱਪਿਆਂ ਨਾਲ ਹੋਇਆ । ਜਿਸ ਨੂੰ ਕਾਲਜ ਦੀ ਬੀ.ਏ. ਸਮੈਸਟਰ ਚੌਥੇ ਦੀ ਵਿਦਿਆਰਥਣ ਗੁਲਸ਼ਨ ਨੇ ਆਵਾਜ਼ ਦਿੱਤੀ । ਇਸ ਉਪਰੰਤ ਸੰਤ ਹੀਰਾ ਦਾਸ ਕੰਨਿਆ ਮਹਾਂ ਵਿਦਿਆਲਿਆ ਦੇ ਪੰਜਾਬੀ ਵਿਭਾਗ ਦੇ ਮੁਖੀ ਡਾ. ਰਣਜੀਤ ਕੌਰ ਹੁੰਦਲ ਨੇ ‘ਡਾ. ਹਰਨੇਕ ਸਿੰਘ ਦੇ ਨਾਵਲ ਟਰਾਲੀਨਾਮਾ ਦੀ ਰਚਨਾ ਸੰਰਚਨਾ’ ਵਿਸ਼ੇ ਉੱਤੇ ਆਪਣਾ ਪਰਚਾ ਪ੍ਰਸਤੁਤ ਕੀਤਾ । ਆਪਣੇ ਪਰਚੇ ਵਿੱਚ ਉਹਨਾਂ ਨੇ ਇਸ ਨਾਵਲ ਦੀ ਸੰਰਚਨਾ ਅਤੇ ਸੰਰਚਨਾਤਮਕ ਜੁਗਤਾਂ ‘ਤੇ ਚਾਨਣਾ ਪਾਇਆ । ਨਾਵਲ ਵਿੱਚ ਪੇਸ਼ ਸਮਾਜਿਕ ਦਰਜਾ- ਬੰਦੀ, ਦੋ ਫਾੜ ਮਾਨਸਿਕਤਾ, ਪਾਤਰਾਂ ਦੀ ਸੁਚੇਤ ਤੋਂ ਛੁੰਨੇਆ ਸਥਿਤੀ ਤੱਕ ਦੀ ਪ੍ਰਕਿਰਿਆ ਤੇ ਬਿਰਤਾਂਤਕ ਕੋਡਾਂ ਨੂੰ ਖੋਲ੍ਹਦਿਆਂ ਨਾਵਲ ਦੀ ਚਿਹਨ ਜੁਗਤ ਦੀ ਵਿਸਥਾਰ ਸਹਿਤ ਚਰਚਾ ਕੀਤੀ । ਇਸ ਗੋਸ਼ਟੀ ਵਿੱਚ ਦੂਜਾ ਪਰਚਾ ਪੰਜਾਬੀ ਦੇ ਨਵੇਂ ਉਭਰਦੇ ਵਿਦਵਾਨ ਕਵੀ ਹਰਬੰਸ ਹਿਮਾਇਤੀ ਨੇ ਪ੍ਰਸਤੁਤ ਕੀਤਾ ਆਪਣੇ ਪਰਚੇ ਵਿੱਚ ਉਹਨਾਂ ਨੇ ਨਾਵਲ ਵਿੱਚ ਪ੍ਰਸਤੁਤ ਸਮਾਜਿਕ ਸਰੋਕਾਰਾਂ ਅਤੇ ਕਲਾਤਮਿਕ ਪੱਖ ‘ਤੇ ਚਾਨਣਾ ਪਾਉਂਦਿਆਂ ਕਿਹਾ ਇਹ ਨਾਵਲ ਕਿਸਾਨ ਅੰਦੋਲਨ ਦੀ ਅੰਸ਼ਿਕ ਜਿੱਤ ਉੱਪਰ ਅਧਾਰਿਤ ਹੈ ਅਤੇ ਮੋਰਚੇ ਉੱਪਰ ਉਪਰੰਤ ਸਾਹਮਣੇ ਆਈਆਂ ਊਣਤਾਈਆਂ ਉੱਪਰ ਵੀ ਬਾਖੂਬੀ ਝਾਤ ਪਾਉਂਦਾ ਹੈ । ਪਰਚਿਆਂ ਦੀ ਪੇਸ਼ਕਾਰੀ ਉਪਰੰਤ ਜਲੰਧਰ ਦੇ ਪ੍ਰਮੁੱਖ ਬੈਂਕ ਅਧਿਕਾਰੀ ਮੋਹਣ ਸਿੰਘ ਮੋਤੀ ਨੇ ਬਹਿਸ ਦਾ ਆਰੰਭ ਕਰਦਿਆਂ ਦੋਹਾਂ ਪਰਚਿਆਂ ਦਾ ਲੇਖਾ-ਜੋਖਾ ਕਰਦਿਆਂ ਕਿਹਾ ਕਿ ਦੋਵੇਂ ਪਰਚੇ ਬੜੀ ਮਿਹਨਤ ਨਾਲ ਤਿਆਰ ਕੀਤੇ ਗਏ ਹਨ । ਜਿਨਾਂ ਨਾਲ ਟਰਾਲੀਨਾਮਾ ਨਾਵਲ ਦੇ ਵਿਭਿੰਨ ਪਸਾਰਾਂ ਦੀ ਡੂੰਘੀ ਟੋਹ ਲੱਗ ਜਾਂਦੀ ਹੈ । ਇਸ ਉਪਰੰਤ ਡਾ. ਹਰਜੀਤ ਸਿੰਘ ਸਾਬਕਾ ਮੁਖੀ ਪੋਸਟ ਗਰੈਜੂਏਟ ਵਿਭਾਗ ਦੇ ਸਾਬਕਾ ਮੁਖੀ ਅਤੇ ਸੁਖਵਿੰਦਰ ਕੌਰ ਨੇ ਬਹਿਸ ਵਿੱਚ ਹਿੱਸਾ ਲੈਂਦਿਆਂ ਨਾਵਲ ਦੇ ਕੁਝ ਅਹਿਮ ਪੱਖਾਂ ‘ਤੇ ਦਰਸ਼ਕਾਂ ਦੀ ਝਾਤ ਪਵਾਈ । ਇਸ ਬਹਿਸ ਦਾ ਸਿਖਰ ਡਾ. ਵਰਿਆਮ ਸੰਧੂ ਦੇ ਪ੍ਰਧਾਨਗੀ ਭਾਸ਼ਣ ਨਾਲ ਨੇਪਰੇ ਚੜ੍ਹਿਆ ਜਿਸ ਵਿੱਚ ਉਹਨਾਂ ਨੇ ਕਿਹਾ ਕਿ ਡਾ. ਹਰਨੇਕ ਸਿੰਘ ਦੁਆਰਾ ਰਚਿਤ ਚਾਰੋਂ ਨਾਵਲਾਂ ‘ਧੁਖਦਾ ਗੋਹਟਾ’, ‘ਕੂੜ’ ਅਮਾਵਸ, ‘ਚੱਕਰਵਿਊ’ ਅਤੇ ‘ਟਰਾਲੀਨਾਮਾ’ ਆਪਣੇ ਵਿੱਚ ਬੜੇ ਹੀ ਗੁੱਝੇ ਅਤੇ ਪ੍ਰਤੀਕਾਸਤਕ ਅਰਥ ਸਮੋਈ ਬੈਠੇ ਹਨ ਉਹਦੇ ਨਾਵਲ ਦੇ ਪਾਤਰ ਗੰਡੋਏ ਵਰਗੀ ਹੋਂਦ ਨਹੀਂ ਰੱਖਦੇ ਬਲਕਿ ਅਣਖ ਲਈ ਲੜਨ-ਮਰਨ ਤੇ ਜੂਝਣ ਵਾਲੇ ਹਨ ਅਤੇ ਆਪਣੀ ਸਮਰੱਥਾ ਤੋਂ ਕਿਤੇ ਵੱਧ ਸੰਘਰਸ਼ ਕਰਦੇ ਹਨ । ਪੰਜਾਬੀ ਦੇ ਬਹੁਤੇ ਨਾਵਲਕਾਰ ਔਰਤ ਮਰਦ ਅਵੈਧ ਜਿਨਸੀ ਸੰਬੰਧਾਂ ‘ਤੇ ਅਧਾਰਿਤ ਰਚਨਾ ਕਰਦੇ ਹਨ ਉਥੇ ਹਰਨੇਕ ਸਿੰਘ ਹੇਅਰ ਦਾ ਨਾਵਲ ਟਰਾਲੀਨਾਮਾ ਉਨਾਂ ਹਾਲਾਤਾਂ ਅਤੇ ਕਾਰਨਾਂ ਦੀ ਨਿਸ਼ਾਨਦੇਹੀ ਕਰਦਾ ਹੈ । ਜਿਹੜੇ ਮਨੁੱਖ ਨੂੰ ਮਨੁੱਖਤਾ ਤੋਂ ਗਿਰਾ ਦਿੰਦੇ ਹਨ । ਇਹਨਾਂ ਗੁਣਾਂ ਕਾਰਨ ਮੈਂ ਇਸ ਨੂੰ ਇਕ ਸਫ਼ਲ ਨਾਵਲ ਮੰਨਦਾ ਹਾਂ । ਇਸ ਉਪਰੰਤ ਇੱਕ ਕਵੀ ਦਰਬਾਰ ਦਾ ਵੀ ਆਯੋਜਨ ਕੀਤਾ ਗਿਆ ਜਿਸ ਦੀ ਪ੍ਰਧਾਨਗੀ ਪੰਜਾਬੀ ਦੇ ਨਾਮਵਰ ਕਵੀਆਂ ਸੁਰਜੀਤ ਜੱਜ, ਸੰਤ ਸੰਧੂ ਅਤੇ ਹਰਦਿਆਲ ‘ਸਾਗਰ’ ਨੇ ਸਾਂਝੇ ਤੌਰ ‘ਤੇ ਕੀਤੀ । ਇਸ ਵਿੱਚ ਉਕਤ ਕਵੀਆਂ ਤੋਂ ਇਲਾਵਾ ਸੁਰਿੰਦਰ ਖੀਵਾ, ਮਨਜੀਤ ਸੋਹਲ, ਜਗਤਾਰ ਸਿੰਘ ਸਹਿੰਬੀ, ਹਰਬੰਸ ‘ਹਿਮਾਇਤੀ’, ਡਾ. ਹਰਨੇਕ ਸਿੰਘ ਤੇ ਸੁਖਵਿੰਦਰ ਕੌਰ ਨੇ ਆਪਣੀਆਂ ਰਚਨਾਵਾਂ ਪੜ੍ਹ ਕੇ ਖੂਬ ਰੰਗ ਬੰਨਿਆ ਮੰਚ ਦਾ ਸੰਚਾਲਨ ਪ੍ਰੋ. ਮਨਪ੍ਰੀਤ ਕੌਰ ਅਤੇ ਪ੍ਰੋ. ਹਰਜਿੰਦਰ ਕੌਰ ਨੇ ਸਾਂਝੇ ਤੌਰ ‘ਤੇ ਕੀਤੀ ਪੰਜਾਬੀ ਸੱਥ ਦੇ ਸੰਚਾਲਕ ਹਸਤੀ ਪ੍ਰਿੰ. ਕੁਲਵਿੰਦਰ ਸਿੰਘ ਸਰਾਏ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ।
