ਡੀ.ਏ.ਵੀ. ਕਾਲਜ ਦੇ ਐਸ.ਐਸ.ਐਸ. ਵਲੰਟੀਅਰਾਂ ਅਤੇ ਐਨ.ਸੀ.ਸੀ. ਕੈਡਿਟਾਂ ਵਲੋਂ ਗੁਰੂ ਨਾਨਕ ਪਵਿੱਤਰ ਜੰਗਲ ਦਾ ਦੌਰਾ

ਨਕੋਦਰ ਇੰਨਵਾਇਰਨਮੈਂਟ ਸੁਸਾਇਟੀ ਚੱਕ ਮੁਗਲਾਨੀ ਜਮਸ਼ੇਰ ਖਾਸ (ਜਲੰਧਰ) ਵਲੋਂ ਈਕੋ ਸਿੱਖ ਸੰਸਥਾ ਦੇ ਸੰਸਥਾਪਕ ਮਹਿੰਦਰ ਸਿੰਘ ਕੈਂਥ (ਯੂ.ਏ.ਈ.) ਦੇ ਸਹਿਯੋਗ ਨਾਲ ਵਾਤਾਵਰਣ ਦੀ ਸੰਭਾਲ ਲਈ ਕੈਂਥ ਫਾਰਮ ਧਾਲੀਵਾਲ ਵਿਖੇ ਸਥਾਪਤ ਕੀਤੇ ਗੁਰੂ ਨਾਨਕ ਪਵਿੱਤਰ ਜੰਗਲ ਦਾ ਕੇ.ਆਰ.ਐਮ. ਡੀ.ਏ.ਵੀ. ਕਾਲਜ, ਨਕੋਦਰ ਦੇ ਪ੍ਰਿੰਸੀਪਲ ਡਾ. ਅਨੂਪ ਕੁਮਾਰ ਦੀ ਅਗਵਾਈ ‘ਚ ਐਸ.ਐਸ.ਐਸ. ਵਲੰਟੀਅਰਾਂ ਅਤੇ ਐਨ.ਸੀ.ਸੀ. ਕੈਡਿਟਾਂ ਵਲੋਂ ਦੌਰਾ ਕੀਤਾ ਗਿਆ। ਇਸ ਮੌਕੇ ਜਸਬੀਰ ਸਿੰਘ ਸੰਧੂ ਨੈਸ਼ਨਲ ਐਵਾਰਡੀ ਨੇ ਕੈਡਿਟਾਂ ਅਤੇ ਵਲੰਟੀਅਰਾਂ ਨੂੰ ਘੱਟ ਰਕਬੇ ਵਿਚ ਜੰਗਲ ਸਥਾਪਤ ਕਰਨ ਅਤੇ ਵਾਤਾਵਰਣ ਦੀ ਸੰਭਾਲ ਬਾਰੇ ਜਾਗਰੂਕ ਕੀਤਾ, ਜਦਕਿ ਕੋਚ ਹਰਮੇਸ਼ ਸਿੰਘ ਨੇ ਜੰਗਲ ਸਥਾਪਤ ਕਰਨ ਦੇ ਪ੍ਰੋਜੈਕਟ ਦੇ ਵੱਖ-ਵੱਖ ਪਹਿਲੂਆਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਭਵਿੱਖ ਵਿਚ ਹੋਰ ਉਲੀਕੇ ਜਾਣ ਵਾਲੇ ਪ੍ਰੋਗਰਾਮ ਸਬੰਧੀ ਦੱਸਿਆ। ਇਸ ਮੌਕੇ ਸੰਸਥਾਪਕ ਮਹਿੰਦਰ ਸਿੰਘ ਕੈਂਥ ਦੀ ਪਤਨੀ ਜਸਵਿੰਦਰ ਕੌਰ ਕੈਂਥ ਵਲੋਂ ਸਮਾਜ ਨੂੰ ਰੁੱਖ-ਕੁੱਖ ਤੇ ਕਿਤਾਬਾਂ ਦਾ ਸੁਨੇਹਾ ਦੇਣ ਲਈ 55ਵੇਂ ਜਨਮ ਦਿਨ ਮੌਕੇ 155 ਬੂਟੇ ਡੀ.ਏ.ਵੀ. ਕਾਲਜ ਨਕੋਦਰ ਦੇ ਵਿਦਿਆਰਥੀਆਂ ਹੱਥੋਂ ਲਗਵਾ ਕੇ ਸਮਾਜ ਦੇ ਚੰਗੇ ਪਹਿਰੇਦਾਰ ਬਣਨ ਲਈ 55 ਕਿਤਾਬਾਂ ਵੀ ਭੇਟ ਕੀਤੀਆਂ। ਕਾਲਜ ਦੇ ਵਲੰਟੀਅਰ ਗਗਨ ਤੇ ਮੁਸਕਾਨ ਨੇ ਹਾਜ਼ਰੀਨ ਨੂੰ ਰੁੱਖ-ਕੁੱਖ ਤੇ ਕਿਤਾਬਾਂ, ਵਾਤਾਵਰਣ ਸੰਭਾਲ ਤਹਿਤ ਹਵਾ, ਪਾਣੀ, ਧਰਤੀ, ਹੱਥੀ ਕੰਮ, ਕੌਮੀ ਆਚਰਣ, ਭੇਡ-ਚਾਲਾਂ ਤੇ ਕੁਰੀਤੀਆਂ ਦਾ ਖਾਤਮਾ, ਮਾਨਵਤਾ, ਕਰਮਸ਼ੀਲਤਾ, ਬਜੁਰਗਾਂ ਦਾ ਸਹਾਰਾ ਕਿਵੇਂ ਬਣੀਏ ਆਦਿ ਵਿਸ਼ਿਆਂ ਬਾਰੇ ਖੁੱਲ੍ਹ ਕੇ ਚਰਚਾ ਕਰਦੇ ਹੋਏ ਮੈਡਮ ਜਸਵਿੰਦਰ ਕੌਰ ਕੈਂਥ ਨੂੰ ਜਨਮ ਦਿਨ ਮੌਕੇ ਸਮਾਜ ਸੁਹੱਪਣ ਵਾਲੇ ਉਪਰਾਲਿਆਂ ਲਈ ਵਧਾਈ ਦਿੱਤੀ। ਇਸ ਮੌਕੇ ਕੇਵਲ ਸਿੰਘ ਤੱਖਰ ਸਾਬਕਾ ਪ੍ਰਧਾਨ ਨਗਰ ਕੌਂਸਲ ਨਕੋਦਰ ਨੇ ਵਾਤਾਵਰਣ ਦੀ ਸੰਭਾਲ ਲਈ ਜੰਗਲ ਸਥਾਪਤ ਕਰਨ ਦੇ ਪ੍ਰੋਗਰਾਮ ਦੀ ਸ਼ਲਾਘਾ ਕੀਤੀ ਅਤੇ ਇਸ ਕੰਮ ਵਿਚ ਹਰ ਤਰ੍ਹਾਂ ਨਾਲ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਪ੍ਰਿੰਸੀਪਲ ਡਾ. ਅਨੂਪ ਕੁਮਾਰ ਨੇ ਈਕੋ ਸਿੱਖ ਸੰਸਥਾ ਦੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਵਿਦਿਆਰਥੀ ਦੌਰੇ ਦੌਰਾਨ ਕਈ ਗੱਲਾਂ ਤੋਂ ਬਹੁਤ ਪ੍ਰਭਾਵਿਤ ਹੋਏ, ਜਿਵੇਂ ਕਿ ਘੱਟ ਰਕਬੇ ਅਤੇ ਘੱਟ ਲਾਗਤ ਵਿਚ ਜੰਗਲ ਤਿਆਰ ਕਰਕੇ ਵਾਤਾਵਰਣ ਨੂੰ ਹਰਿਆ-ਭਰਿਆ ਬਨਾਉਣਾ, ਉਨ੍ਹਾਂ ਵਿਚ ਪੰਛੀਆਂ ਦਾ ਰੈਣ-ਬਸੇਰਾ ਹੋਣਾ ਤੇ ਉਨ੍ਹਾਂ ਦੀ ਸੰਭਾਲ, ਸਮਾਜਿਕ ਕਦਰਾਂ-ਕੀਮਤਾਂ, ਸਮਾਜਿਕ ਕੁਰੀਤੀਆਂ ਤੋਂ ਰਹਿਤ ਸਮਾਜ ਬਾਰੇ ਵਿਦਿਆਰਥੀਆਂ ਨੇ ਕਈ ਗੱਲਾਂ ਸਿੱਖੀਆਂ। ਕਾਲਜ ਦੇ ਐਨ.ਐਸ.ਐਸ. ਪ੍ਰੋਗਰਾਮ ਅਫ਼ਸਰ ਪ੍ਰੋ. (ਡਾ.) ਕਮਲਜੀਤ ਸਿੰਘ ਨੇ ਕਿਹਾ ਕਿ ਅੱਜ ਦੇ ਸਮੇਂ ਵਿਚ ਕੁਦਰਤ ਨੂੰ ਸੰਭਾਲ ਬੜੀ ਜ਼ਰੂਰੀ ਹੈ ਤੇ ਸੰਸਥਾ ਵਲੋਂ 3 ਜੰਗਲ ਸਥਾਪਤ ਕਰਕੇ ਵੱਡੀ ਮਿਸਾਲ ਕਾਇਮ ਕੀਤੀ ਹੈ। ਇਸ ਮੌਕੇ ਆਈਆਂ ਸਖ਼ਸ਼ੀਅਤਾਂ ਅਤੇ ਵਲੰਟੀਅਰਾਂ ਤੇ ਕੈਡਿਟਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਸੰਤੋਖ ਸਿੰਘ, ਜਸਵੰਤ ਕੌਰ ਦਿੱਲੀ ਵਾਲੇ, ਬਲਜੀਤ ਕੌਰ ਸਾਬਕਾ ਵਾਇਸ ਚੇਅਰਮੈਨ ਬਲਾਕ ਸੰਮਤੀ, ਬੀਬੀ ਦੀਪੋ, ਹਰਦੀਪ ਸਿੰਘ, ਗੁਰਪ੍ਰੀਤ ਸਿੰਘ ਸ਼ੰਨੀ, ਅਮਰਜੀਤ ਸਿੰਘ ਕਾਕਾ, ਬਲਿਹਾਰ ਸਿੰਘ, ਜਗਦੀਸ਼ ਸਿੰਘ, ਕੁਲਦੀਪ ਸਿੰਘ, ਰਾਜ ਕੁਮਾਰ, ਕੁਲਜੀਤ ਸਿੰਘ, ਤਜਿੰਦਰ ਸਿੰਘ, ਮਹਿੰਦਰ ਸਿੰਘ ਕੈਂਥ ਆਦਿ ਹਾਜ਼ਰ ਸਨ।
