ਡੀ.ਏ.ਵੀ. ਕਾਲਜ ਨਕੋਦਰ ਵਿਖੇ ਸਲਾਨਾ ਕਨਵੋਕੇਸ਼ਨ ਦਾ ਆਯੋਜਨ

ਨਕੋਦਰ- ਕੇ.ਆਰ.ਐੱਮ. ਡੀ.ਏ.ਵੀ. ਕਾਲਜ, ਨਕੋਦਰ ਵਿਖੇ ਪ੍ਰਿੰਸੀਪਲ ਡਾ. ਅਨੂਪ ਕੁਮਾਰ ਦੀ ਰਹਿਨੁਮਾਈ ਅਤੇ ਰਜਿਸਟਰਾਰ ਡਾ. ਸਲਿਲ ਵਰਮਾ ਦੀ ਦੇਖ-ਰੇਖ ਹੇਠ ਸਲਾਨਾ ਕਨਵੋਕੇਸ਼ਨ ਅਤੇ ਇਨਾਮ ਵੰਡ ਸਮਾਰੋਹ ਦਾ ਸਫ਼ਲਤਾਪੂਰਵਕ ਆਯੋਜਨ ਕੀਤਾ ਗਿਆ, ਜਿਸ ਵਿਚ ਡੀ.ਏ.ਵੀ. ਯੂਨੀਵਰਸਿਟੀ ਦੇ ਸਾਬਕਾ ਰਜਿਸਟਰਾਰ ਡਾ. ਸਤੀਸ਼ ਕਪੂਰ ਅਤੇ ਰਿਟਾ. ਪ੍ਰਿੰਸੀਪਲ ਅਕਾਸ਼ ਚੰਦਰ ਭੱਲਾ (ਸਮਾਜ ਸੇਵਕ) ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਪ੍ਰਿੰਸੀਪਲ ਡਾ. ਅਨੂਪ ਕੁਮਾਰ ਨੇ ਆਪਣੇ ਸਵਾਗਤੀ ਭਾਸ਼ਣ ਵਿਚ ਆਏ ਮਹਿਮਾਨਾਂ ਨੂੰ ਜੀ ਆਇਆ ਆਖਿਆ। ਮਹਿਮਾਨਾਂ ਵੱਲੋਂ ਸ਼ਮਾ ਰੌਸ਼ਨ ਕੀਤੀ ਗਈ, ਉਪਰੰਤ ਡੀ.ਏ.ਵੀ. ਗਾਨ ਪੇਸ਼ ਕੀਤਾ ਗਿਆ। ਪ੍ਰਿੰਸੀਪਲ ਡਾ. ਅਨੂਪ ਕੁਮਾਰ ਨੇ ਕਾਲਜ ਦੀ ਸਲਾਨਾ ਰਿਪੋਰਟ ਪੜ੍ਹਦਿਆਂ ਦੱਸਿਆ ਕਿ ਇਸ ਕਾਲਜ ਨੇ ਆਪਣੇ 53 ਸਾਲ ਤੋਂ ਵੱਧ ਦਾ ਸਫ਼ਰ ਤੈਅ ਕਰਦਿਆਂ ਸਮਾਜ ਨੂੰ ਵਿਦਿਅਕ ਅਤੇ ਹੋਰ ਗਤੀਵਿਧੀਆਂ ਵਿਚ ਅਹਿਮ ਦੇਣ ਦਿੱਤੀ ਹੈ। ਕਾਲਜ ਨੇ ਸਮਾਜ ਭਲਾਈ ਲਈ ਸਮੇਂ-ਸਮੇਂ ’ਤੇ ਵੱਖੋ-ਵੱਖਰੇ ਪ੍ਰੋਜੈਕਟਾਂ ਜਿਵੇਂ ਵਰਕਸ਼ਾਪ, ਸੈਮੀਨਾਰ, ਖੇਡਾਂ, ਆਨਲਾਇਨ ਵਿਦਿਆ, ਨਵੀਂ ਰਾਸ਼ਟਰੀ ਸਿੱਖਿਆ ਨੀਤੀ ਅਨੁਸਾਰ ਤਿਆਰੀ ਅਤੇ ਮੁਹਿੰਮਾਂ ਰਾਹੀਂ ਵੱਧ-ਚੜ੍ਹ ਕੇ ਹਿੱਸਾ ਲਿਆ ਹੈ। ਉਨ੍ਹਾਂ ਨੇ ਕਾਲਜ ਵੱਲੋਂ ਸ਼ੁਰੂ ਕੀਤੇ ਨਵੇਂ ਕੋਰਸਾਂ, ਖੇਡਾਂ ਨਾਲ ਸਬੰਧਤ ਐਮ.ਓ.ਯੂ., ਯੂਨੀਵਰਸਿਟੀ, ਰਾਜ ਪੱਧਰੀ ਤੇ ਜਿਲ੍ਹਾ ਪੱਧਰੀ ਖੇਡਾਂ ਵਿਚ ਪ੍ਰਾਪਤੀਆਂ, ਐਨ.ਐਸ.ਐਸ., ਐਸ.ਸੀ.ਸੀ. ਦੇ ਵੱਖ-ਵੱਖ ਪ੍ਰੋਜੈਕਟਾਂ, ਸਵਾਮੀ ਦਇਆਨੰਦ ਮਾਰਗ ਦੇ ਉਦਘਾਟਨ ਅਤੇ ਹੁਨਰ ਵਿਕਾਸ ਕੇਂਦਰ ਬਾਰੇ ਦੱਸਿਆ। ਕਨਵੋਕੇਸ਼ਨ ਦੌਰਾਨ ਡਾ. ਸਤੀਸ਼ ਕਪੂਰ ਨੇ ਸਾਲ 2020-21, 2021-22 ਅਤੇ 2022-23 ਦੇ ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ ਅਤੇ ਕਿਹਾ ਕਿ ਸਿੱਖਿਆ ਸਾਡੇ ਬਹੁਤ ਸਾਰੇ ਅੰਧ ਵਿਸ਼ਵਾਸਾਂ ਅਤੇ ਭੁਲੇਖਿਆਂ ਨੂੰ ਦੂਰ ਕਰਦੀ ਹੈ। ਗਿਆਨ ਇੱਕ ਸ਼ਕਤੀ ਹੈ ਅਤੇ ਇਸ ਰਾਹੀਂ ਵਿਅਕਤੀ ਸੰਪੂਰਨ ਰੂਪ ਵਿਚ ਵਿਕਸਤ ਹੁੰਦਾ ਹੈ। ਵਿਦਿਆਰਥੀਆਂ ਨੂੰ ਮਨ ਅਤੇ ਸਰੀਰ ਵਿਚ ਸੰਤੁਲਨ ਬਨਾਉਣਾ ਜ਼ਰੂਰੀ ਹੈ। ਉਨਾਂ ਨੇ ਕਾਲਜ ਦੇ ਯਤਨਾ ਦੀ ਪ੍ਰਸ਼ੰਸਾ ਕਰਦਿਆਂ ਕਾਲਜ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ। ਇਸ ਮੌਕੇ ਇਨਾਮ ਵੰਡ ਸਮਾਰੋਹ ਦੌਰਾਨ ਰਿਟਾ. ਪ੍ਰਿੰਸੀਪਲ ਅਕਾਸ਼ ਚੰਦਰ ਭੱਲਾ ਨੇ ਕਾਲਜ ਦੇ ਪ੍ਰਿੰਸੀਪਲ, ਸਟਾਫ਼ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਡੀ.ਏ.ਵੀ. ਕਾਲਜ ਦੀ ਨਕੋਦਰ ਇਲਾਕੇ ਨੂੰ ਬਹੁਤ ਵੱਡੀ ਦੇਣ ਹੈ। ਇਸ ਕਾਲਜ ਨੇ ਬਹੁਤ ਸਾਰੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀ, ਪ੍ਰਸ਼ਾਸਕ ਅਤੇ ਹੋਰ ਹੁਨਰਮੰਦ ਵਿਅਕਤੀਆਂ ਨੂੰ ਪੈਦਾ ਕੀਤਾ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਪ੍ਰੇਰਣਾ ਦਿੱਤੀ। ਇਸ ਮੌਕੇ ਵਿਦਿਆ ਅਤੇ ਹੋਰ ਖੇਤਰਾਂ ’ਚ ਵਧੀਆ ਕਾਰਗੁਜ਼ਾਰੀ ਵਿਖਾਉਣ ਵਾਲੇ ਵਿਦਿਆਰਥੀਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਪ੍ਰੋ. ਰਾਜਨ ਕਪੂਰ ਵਲੋਂ ਲਿਖੀ ਕਿਤਾਬ ‘ਐਕਸਪ੍ਰੈਸ਼ਨ-ਐਕਸਪ੍ਰੈਸ’ ਰਿਲੀਜ਼ ਕੀਤੀ ਗਈ।
ਸਮਾਰੋਹ ਦੌਰਾਨ ਕਾਲਜ ਦੇ ਵਿਦਿਆਰਥੀਆਂ ਨੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ। ਇਸ ਮੌਕੇ ਪੁਰਾਣੇ ਵਿਦਿਆਰਥੀਆਂ ਨੇ ਆਪਣੇ ਅਧਿਆਪਕਾਂ ਨਾਲ ਪੁਰਾਣੀਆਂ ਯਾਦਾਂ ਤਾਜ਼ਾ ਕੀਤੀਆਂ ਅਤੇ ਕਾਲਜ ਦੀ ਸ਼ਲਾਘਾ ਕੀਤੀ। ਸਮਾਗਮ ਦੌਰਾਨ ਮੰਚ ਸੰਚਾਲਨ ਦੀ ਕਾਰਵਾਈ ਡਾ. ਸਲਿਲ ਵਰਮਾ ਨੇ ਬਾਖੂਬੀ ਚਲਾਈ। ਇਸ ਮੌਕੇ ਪ੍ਰੇਮ ਸਾਗਰ ਸ਼ਰਮਾ, ਪਰਮੋਦ ਭਾਰਦਵਾਜ, ਵਿਪਨ ਗੁਪਤਾ, ਰਾਜ ਕੁਮਾਰ ਸੋਹਲ, ਡਾ. ਕਮਲਜੀਤ ਸਿੰਘ, ਭੁਪਿੰਦਰ ਅਜੀਤ ਸਿੰਘ, ਪ੍ਰੋ. ਵਿਨੈ ਕੁਮਾਰ ਅਤੇ ਸ਼ਹਿਰ ਦੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ। ਅਖ਼ੀਰ ’ਚ ਪ੍ਰੋ. ਸਮੀਰ ਸਭਰਵਾਲ ਨੇ ਆਏ ਮਹਿਮਾਨਾਂ, ਕਾਲਜ ਦੇ ਸਟਾਫ਼ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ।
