ਤਿੰਨ ਗੱਡੀਆਂ ਦੀ ਭਿਆਨਕ ਟੱਕਰ ਵਿੱਚ ਦੋ ਦੀ ਮੌਤ ਚਾਰ ਗੰਭੀਰ ਜ਼ਖਮੀ

ਭਵਾਨੀਗੜ੍ਹ (ਵਿਜੈ ਗਰਗ) ਸਥਾਨਕ ਸ਼ਹਿਰ ਤੋਂ ਪਟਿਆਲਾ ਨੂੰ ਜਾਂਦੇ ਨੈਸ਼ਨਲ ਹਾਈਵੇ ਉਪਰ ਪਿੰਡ ਨਦਾਮਪੁਰ ਨੇੜੇ ਅੱਜ ਤਿੰਨ ਗੱਡੀਆਂ ਦੀ ਹੋਈ ਆਪਸੀ ਟੱਕਰ ਕਾਰਨ ਵਾਪਰੇ ਭਿਆਨਕ ਦਰਦਨਾਕ ਹਾਦਸੇ ’ਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਜਦਕਿ ਚਾਰ ਲੋਕ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਭਵਾਨੀਗੜ੍ਹ ਸਾਈਡ ਤੋਂ ਪਟਿਆਲਾ ਸਾਈਡ ਨੂੰ ਜਾ ਰਹੀ ਇਕ ਮਰਸਡੀ ਕਾਰ ਨਦਾਮਪੁਰ ਨੈਸ਼ਨਲ ਹਾਈਵੇਅ ਉਪਰ ਬਣੇ ਬੱਸ ਅੱਡੇ ਨੇੜਲੇ ਨਹਿਰ ਦੇ ਪੁੱਲ ਤੋਂ ਅਚਾਨਕ ਬੇਕਾਬੂ ਹੋ ਕੇ ਡਵਾਈਡਰ ਨੂੰ ਕਰਾਸ ਕਰਕੇ ਹਾਈਵੇਅ ਦੀ ਦੂਜੇ ਪਾਸੇ ਜਾ ਪਹੁੰਚੀ ਅਤੇ ਹਾਈਵੇਅ ਦੀ ਦੂਜੀ ਸਾਈਡ ਪਟਿਆਲਾ ਵਾਲੇ ਪਾਸਿਓਂ ਆ ਰਹੀ ਇਕ ਪਿੱਕਅਪ ਗੱਡੀ ਅਤੇ ਮਹਿੰਦਰਾ ਐਕਸ.ਯੂ.ਵੀ ਨਾਲ ਇਸ ਦੀ ਸਿੱਧੀ ਟੱਕਰ ਹੋ ਗਈ। ਇਸ ਹਾਦਸੇ ’ਚ ਮਰਸਡੀ ਕਾਰ ਦੇ ਚਾਲਕ ਸੁਖਪ੍ਰੀਤ ਵਾਸੀ ਅਬੋਹਰ ਤੇ ਪਿੱਕਅੱਪ ਗੱਡੀ ’ਚ ਸਵਾਰ ਵਿਅਕਤੀ ਦੀ ਮੌਤ ਹੋ ਗਈ। ਜਦਕਿ ਮਰਸਡੀ ਗੱਡੀ ’ਚ ਸਵਾਰ ਇਕ ਹੋਰ ਵਿਅਕਤੀ ਮੋਹਿਤ ਸਮੇਤ ਚਾਰ ਹੋਰ ਵਿਅਕਤੀ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਇਲਾਜ ਲਈ ਪਟਿਆਲਾ ਦੇ ਹਸਪਤਾਲ ਵਿਖੇ ਲਿਜਾਇਆ ਗਿਆ ਹੈ। ਇਹ ਹਾਦਸਾ ਇੰਨਾ ਭਿਆਨਕ ਸੀ ਕਿ ਇਸ ਹਾਦਸੇ ’ਚ ਤਿੰਨੇ ਵਾਹਨਾਂ ਦੇ ਪਰਖੱਚੇ ਉੱਡ ਗਏ ਅਤੇ ਮਰਸਡੀ ਕਾਰ ਦਾ ਚਾਲਕ ਕਾਰ ਦੇ ਵਿਚ ਹੀ ਫਸਿਆ ਹੋਇਆ ਸੀ। ਜਿਸ ਦੀ ਲਾਸ਼ ਕਾਫ਼ੀ ਦੇਰ ਤਕ ਜੱਦੋ-ਜਹਿਦ ਤੋਂ ਬਾਅਦ ਬਾਹਰ ਕੱਢੀ ਗਈ। ਇਸ ਮੌਕੇ ਲੋਕਾਂ ਵੱਲੋਂ ਫੋਨ ਕਰਕੇ ਇਸ ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ।
