ਦਾਲਾਂ ਤੋਂ ਬਾਅਦ ਹੁਣ ਟਮਾਟਰ ਤੇ ਹੋਰ ਸਬਜ਼ੀਆਂ ਵੀ ਗ਼ਰੀਬ ਦੀ ਥਾਲੀ ’ਚੋਂ ਹੋਣ ਲਗੀਆਂ ਗ਼ਾਇਬ

ਫਰੀਦਕੋਟ (ਵਿਪਨ ਮਿਤੱਲ ਬਿਊਰੋ) ਮੱਧ ਵਰਗੀ ਅਤੇ ਗ਼ਰੀਬ ਪਰਵਾਰਾਂ ਦੀ ਸਬਜ਼ੀ ਦੀ ਥਾਲੀ ਵਿਚੋਂ ਦਾਲਾਂ ਤਾਂ ਪਹਿਲਾਂ ਹੀ ਗ਼ਾਇਬ ਹੋ ਚੁਕੀਆਂ ਹਨ ਪਰ ਹੁਣ ਸਬਜ਼ੀਆਂ ਜਿਨ੍ਹਾਂ ਵਿਚ ਮਟਰ ਅਤੇ ਟਮਾਟਰ ਸ਼ਾਮਲ ਹਨ, ਵੀ ਉਨ੍ਹਾਂ ਦੀ ਥਾਲੀ ਵਿਚੋਂ ਗ਼ਾਇਬ ਹੋ ਗਏ ਹਨ। ਹੋਰ ਤਾਂ ਹੋਰ ਘੀਆ ਵਰਗੀ ਸਬਜ਼ੀ, ਜਿਸ ਨੂੰ ਕਈ ਲੋਕ ਖਾਣਾ ਤਕ ਪਸੰਦ ਨਹੀਂ ਕਰਦੇ, 80 ਰੁਪਏ ਕਿਲੋ ਤਕ ਪਹੁੰਚ ਗਿਆ ਹੈ। ਗੋਭੀ 120 ਰੁਪਏ ਤੋਂ ਘੱਟ ਨਹੀਂ ਮਿਲ ਰਹੀ ਅਤੇ ਭਿੰਡੀ ਵੀ 60 ਰੁਪਏ ਕਿਲੋ ਵਿਕ ਰਹੀ ਹੈ। ਲੱਸਣ ਅਤੇ ਅਦਰਕ, ਜੋ ਲਗਭਗ ਹਰ ਸਬਜ਼ੀ ਵਿਚ ਪੈਂਦੇ ਹਨ, ਦੀ ਕੀਮਤ ਵੀ 280 ਰੁਪਏ ਪ੍ਰਤੀ ਕਿਲੋ ਚਲ ਰਹੀ ਹੈ। ਫਲਾਂ ਵਿਚ ਸੇਬ 300 ਰੁਪਏ ਕਿਲੋ ਵਿਕ ਰਿਹਾ ਹੈ ਅਤੇ ਜਾਮਣ ਵੀ 150 ਤੋਂ 300 ਰੁਪਏ ਕਿੱਲੋ ਤਕ ਵਿਕ ਰਹੀ ਹੈ। ਲੋਕਲ ਸੇਬ ਵੀ 150 ਰੁਪਏ ਤੋਂ ਹੇਠਾਂ ਨਹੀਂ ਮਿਲ ਰਿਹਾ। ਫਲਾਂ ਦਾ ਰਾਜਾ ਵੱਖ ਵੱਖ ਰੇਟਾਂ ’ਤੇ 60 ਰੁਪਏ ਤੋਂ 200 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਰਿਹਾ ਹੈ। ਕੀ ਕਹਿਣਾ ਹੈ ਦੁਕਾਨਦਾਰਾਂ ਨੇ ਫ਼ਰੀਦਕੋਟ ਵਿਖੇ ਸਬਜੀ ਦੀ ਦੁਕਾਨ ਲਗਾਉਣ ਵਾਲੇ ਦੁਕਾਨਦਾਰ ਰਾਜੂ ਦਾ ਕਹਿਣਾ ਹੈ ਕਿ ਸਾਨੂੰ ਪਹਿਲਾਂ ਨਾਲੋਂ ਵੀ ਘੱਟ ਕਮਾਈ ਹੋ ਰਹੀ ਹੈ। ਕਿਉਂਕਿ ਪਿਛਲੇ ਸਬਜੀਆਂ ਪੂਰੀ ਮਾਤਰਾ ਵਿਚ ਨਹੀਂ ਆ ਰਹੀਆਂ। ਜਿਸ ਕਰਕੇ ਸਬਜੀਆਂ ਦੇ ਰੇਟ ਵੱਧ ਰਹੇ ਹਨ ਅਤੇ ਆਪਣਾ ਧੰਦਾ ਚਲਾਉਣ ਲਈ ਮਜ਼ਬੂਰਨ ਮਹਿੰਗੀਆਂ ਸਬਜੀਆਂ ਖਰੀਦ ਕੇ ਅੱਗੇ ਵੇਚ ਰਹੇ ਹਾਂ। ਦੁਕਾਨਦਾਰ ਰਾਜੂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਟਮਾਟਰ 150-200 ਰੁਪਏ ਕਿੱਲੋ ਹੋ ਜਾਵੇਗਾ। ਆਮ ਆਦਮੀ ਉੱਤੇ ਮਹਿੰਗਾਈ ਦਾ ਬੋਝ ਦਿਨੋਂ-ਦਿਨ ਵੱਧਦਾ ਜਾ ਰਿਹਾ ਹੈ। ਉਨ੍ਹਾਂ ਕਿ ਮੀਂਹ ਪੈਣ ਕਰਕੇ ਸਬਜੀ ਮੰਡੀ ਵਿੱਚ ਘੱਟ ਪਹੁੰਚ ਰਹੀ ਹੈ ਪਰ ਮੰਗ ਜਿਆਦਾ ਹੋਣ ਕਰਕੇ ਸਬਜ਼ੀ ਦੇ ਰੇਟ ਵੱਧਦੇ ਜਾ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਕਈ ਕਿਸਾਨਾਂ ਦੀ ਫਸਲ ਖੇਤ ਵਿੱਚ ਖਰਾਬ ਹੋ ਗਈ ਹੈ। ਵਧੇ ਹੋਏ ਭਾਅ ਬਾਰੇ ਕੀ ਕਹਿਣਾ ਹੈ ਔਰਤਾਂ ਦਾ ਪਿਆਜ, ਲਸਣ, ਅਦਰਕ ਆਦਿ ਚੀਜ਼ਾਂ ਦੇ ਵਧੇ ਹੋਏ ਭਾਅ ਬਾਰੇ ਜਦ ਔਰਤਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਸੀ ਕਿ ਸਰਕਾਰ ਦੇ ਕੀਤੇ ਵਾਅਦਿਆਂ ਵਾਲੇ ਅੱਛੇ ਦਿਨ ਪਤਾ ਨਹੀ ਕਦੋਂ ਆਉਣਗੇ। ਸਰਬਜੀਤ ਕੌਰ, ਸੁਖਵੀਰ ਕੌਰ, ਜਸਵੀਰ ਕੌਰ, ਨੀਤੂ ਕੌਰ, ਸੋਨੀਕਾ, ਮੋਨਿਕਾ ਨੇ ਕਿਹਾਕਿ ਘਰਾਂ ਦੀਆਂ ਰਸੋਈਆਂ ਵਿਚ ਵਰਤਿਆ ਜਾਣ ਵਾਲਾ ਸਮਾਨ ਸਰਕਾਰ ਨੂੰ ਸਸਤਾ ਕਰਨਾ ਚਾਹੀਦਾ ਹੈ। ਕਿਉਂਕਿ ਮਹਿੰਗੇ ਭਾਅ ਦੀਆਂ ਚੀਜ਼ਾਂ ਲੈਣੀਆਂ ਆਮ ਬੰਦੇ ਦੇ ਵਸ ਵਿਚ ਨਹੀ ਹੈ। ਉਹਨਾਂ ਕਿਹਾ ਕਿ ਦਾਲ, ਸਬਜੀ ਬਣਾਉਣ ਲੱਗਿਆ ਕਿਸੇ ਵੀ ਚੀਜ਼ ਬਿਨਾਂ ਨਹੀ ਸਰਦਾ। ਪਰ ਅੰਤਾਂ ਦੀ ਮਹਿੰਗਾਈ ‘ਚ ਕੀਤਾ ਕੀ ਜਾਵੇ। ਔਰਤਾਂ ਨੇ ਸੂਬਾ ਅਤੇ ਕੇਂਦਰ ਸਰਕਾਰ ਤੋਂ ਪੁਰਜੋਰ ਮੰਗ ਕੀਤੀ ਕਿ ਲੋਕਾਂ ਦੀ ਮੁਸ਼ਕਲ ਵੱਲ ਧਿਆਨ ਦੇ ਕੇ ਪਿਆਜ ਸਮੇਤ ਬਾਕੀ ਸਭ ਚੀਜ਼ਾਂ ਦੇ ਭਾਅ ਘੱਟ ਕੀਤੇ ਜਾਣ ਤਾਂ ਕਿ ਆਮ ਲੋਕਾਂ ‘ਤੇ ਕੋਈ ਬੋਝ ਨਾ ਪਵੇ।
