ਦੇਸ਼ ਚ ਲਾਗੂ ਕੀਤੇ ਗਏ ਨਵੇਂ ਅਪਰਾਧਿਕ ਕਾਨੂੰਨਾਂ ਦੇ ਵਿਰੋਧ ਵਜੋਂ ਕਾਮਰੇਡਾਂ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ

ਜਲਾਲਾਬਾਦ(ਮਨੋਜ ਕੁਮਾਰ) ਭਾਰਤੀ ਕਮਿਊਨਿਸਟ ਪਾਰਟੀ (ਸੀਪੀਆਈ) ਨੇ ਮੋਦੀ ਸਰਕਾਰ ਦੁਆਰਾ 1 ਜੁਲਾਈ ਤੋਂ ਲਾਗੂ ਕੀਤੇ ਨਵੇਂ ਅਪਰਾਧਿਕ ਕਾਨੂੰਨਾਂ ਵਿਰੁੱਧ ਪੰਜਾਬ ਅੰਦਰ ਰੋਸ ਹਫਤਾ ਮਨਾਉਣ ਦਾ ਫੈਸਲਾ ਕੀਤਾ ਗਿਆ ਹੈ, ਜਿਸ ਦੀ ਲੜੀ ਵਜੋਂ ਸੀਪੀਆਈ ਬਲਾਕ ਅਰਨੀਵਾਲਾ ਅਤੇ ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਵੱਲੋਂ ਸਾਂਝੇ ਤੌਰ ਤੇ ਕੇਂਦਰ ਸਰਕਾਰ ਦੀ ਅਸਥੀ ਫੂਕ ਕੇ ਮੁਜ਼ਾਹਰਾ ਕੀਤਾ ਗਿਆ। ਇਸ ਰੋਸ ਪ੍ਰਦਰਸ਼ਨ ਦੀ ਅਗਵਾਈ ਨਰੇਗਾ ਰੁਜਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਜ਼ਿਲ੍ਹਾ ਪ੍ਰਧਾਨ ਕਾਮਰੇਡ ਨਰਿੰਦਰ ਢਾਬਾਂ, ਸੀਪੀਆਈ ਬਲਾਕ ਅਰਨੀ ਵਾਲਾ ਆਗੂ ਜਗਸੀਰ ਜੱਗਾ, ਸੰਦੀਪ ਟਾਲੀਵਾਲਾ, ਕੁਲਦੀਪ ਮਾਹੂਆਣਾ,ਅਮਰਜੀਤ ਟਾਹਲੀ ਵਾਲਾ,ਤਰਸੇਮ ਟਾਹਲੀ ਵਾਲਾ,ਪੰਮਾ ਟਾਹਲੀਵਾਲਾ ਅਤੇ ਚਿਮਨ ਲਾਲ ਨੇ ਕੀਤੀ। ਕਮਿਊਨਿਸਟ ਆਗੂਆਂ ਨੇ ਕਿਹਾ ਕਿ ਇਹ ਕਾਨੂੰਨ ਜਮਹੂਰੀ ਸ਼ਕਤੀਆਂ ਦੀਆਂ ਰਾਜਨੀਤਿਕ ਗਤੀਵਿਧੀਆਂ ਨੂੰ ਰੋਕਣ ਅਤੇ ਮਨੁੱਖੀ ਅਧਿਕਾਰਾਂ ਤੇ ਰੋਕਾਂ ਲਾਉਣ ਲਈ ਵਰਤੇ ਜਾਣਗੇ। ਆਗੂਆਂ ਨੇ ਕਿਹਾ ਕਿ ਮੋਦੀ ਦੀ ਫਾਸ਼ੀਵਾਦੀ ਵਿਚਾਰਧਾਰਾ ਅਧਾਰਤ ਸਰਕਾਰ ਆਪਣੇ ਪਿਛਲੇ ਕਾਰਜਕਾਲ ਦੌਰਾਨ ਗੈਰ ਸੰਵਿਧਾਨਿਕ ਅਤੇ ਗੈਰ ਕਾਨੂੰਨੀ ਢੰਗਾਂ ਨਾਲ ਇੱਕ ਤਰਫ਼ਾ ਪਾਸ ਕੀਤੇ ਗਏ ਇਹਨਾਂ ਕਾਨੂੰਨਾਂ ਨੂੰ ਲਾਗੂ ਕਰਨ ਜਾ ਰਹੀ ਹੈ। ਜਿਸ ਦਾ ਦੇਸ਼ ਭਰ ਵਿੱਚ ਵਿਰੋਧ ਕੀਤਾ ਜਾ ਰਿਹਾ ਹੈ ਇਸ ਨਵੇਂ ਅਪਰਾਧਿਕ ਕਾਨੂੰਨਾਂ ਵਿੱਚ ਬਹੁਤ ਸਾਰੀਆਂ ਧਰਾਵਾਂ ਨਵੀਆਂ ਸ਼ਾਮਿਲ ਕੀਤੀਆਂ ਗਈਆਂ ਹਨ ਅਤੇ ਪੁਰਾਣੀਆਂ ਵਿੱਚ ਸੋਧਾਂ ਕੀਤੀਆਂ ਗਈਆਂ ਹਨ। ਇਹ ਨਵੇਂ ਅਪਰਾਧਿਕ ਕਾਨੂੰਨ ਦੇਸ਼ ਵਿੱਚ ਪੁਲਿਸ ਰਾਜ ਥੋਪਣ ਦੇ ਮਨਸੂਬੇ ਨਾਲ ਤਿਆਰ ਕੀਤੇ ਗਏ ਹਨ। ਆਗੂਆਂ ਨੇ ਕਿਹਾ ਕਿ ਇਹਨਾਂ ਫੌਜਦਾਰੀ ਕਾਨੂੰਨਾਂ ਰਾਹੀਂ ਹੁਣ ਪੁਲਿਸ ਰਿਮਾਂਡ 15 ਦਿਨ ਤੋਂ ਵਧਾ ਕੇ 60 ਤੋਂ 90 ਦਿਨ ਤੱਕ ਕੀਤਾ ਜਾ ਸਕਦਾ ਹੈ। ਜੋ ਕਿ ਬਹੁਤ ਹੀ ਮੰਦਭਾਗੀ ਗੱਲ ਹੈ।
