ਨਕੋਦਰ ਤੋਂ ਕਪੂਰਥਲਾ ਰੋਡ ਤੇ ਗੱਡੀ ਨੂੰ ਓਵਰਟੇਕ ਕਰਨ ਨੂੰ ਲੈ ਕੇ ਹੋਇਆ ਝਗੜਾ, ਨਕਦੀ ਖੋਹੀ

ਨਕੋਦਰ (ਏ.ਐਲ.ਬਿਉਰੋ) ਨਕੋਦਰ-ਕਪੂਰਥਲਾ ਰੋਡ ’ਤੇ ਵੈਗਨਰ ਅਤੇ ਥਾਰ ਗੱਡੀ ਦੇ ਚਾਲਕ ਵਿਚਕਾਰ ਹੋਏ ਝਗੜੇ ਦੌਰਾਨ ਥਾਰ ਗੱਡੀ ਚਾਲਕ ਵੱਲੋਂ ਆਪਣੇ ਹੋਰ ਕਰੀਬੀਆਂ ਨੂੰ ਬੁਲਾ ਕੇ ਵੈਗਨਰ ਗੱਡੀ ਵਿੱਚ ਸਵਾਰ ਚਾਲਕ ਸਮੇਤ ਹੋਰਨਾਂ ਨਾਲ ਕੁੱਟਮਾਰ ਕਰਦੇ ਹੋਏ ਉਨ੍ਹਾਂ ਪਾਸੋਂ ਗੱਡੀ ਦਾ ਸ਼ੀਸ਼ਾ ਤੌੜ ਕੇ ਪੈਸੇ ਖੋਹਣ ਅਤੇ ਪਿਸਤੌਲ ਨਾਲ ਗੋਲੀ ਮਾਰ ਕੇ ਜਾਨੋ ਮਾਰਨ ਦੀਆਂ ਧਮਕੀਆਂ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ ’ਚ ਰਾਜੀਵ ਕੁਮਾਰ ਵਾਸੀ ਪਿੰਡ ਸਿੱਧਵਾਂ ਦੋਨਾ ਥਾਣਾ ਸਦਰ ਕਪੂਰਥਲਾ ਨੇ ਦਸਿਆ ਕਿ ਉਹ ਬੀਤੇ ਦਿਨੀਂੰ ਆਪਣੇ ਭਰਾ ਮਨੋਜ ਕੁਮਾਰ, ਲਵਲੇਸ਼ ਸ਼ਰਮਾ ਤੇ ਪੰਜ ਸਾਲ ਦੇ ਭਤੀਜਾ ਰਘੁਨੰਦਨ ਸ਼ਰਮਾ ਨਾਲ ਸਵਾਰ ਹੋ ਕੇ ਪਿੰਡ ਤੋਂ ਮਹਿਤਪੁਰ ਨੂੰ ਇੱਕ ਡੀਲਰ ਕੋਲ ਗੱਡੀ ਦੇਖਣ ਲਈ ਜਾ ਰਿਹਾ ਸੀ, ਜਦੋਂ ਉਹ ਨਕੋਦਰ ਰੋਡ ’ਤੇ ਪੈਂਦੇ ਪਿੰਡ ਮੱਲ੍ਹੀਆਂ ਅਤੇ ਟੁੱਟਾਂ ਦੇ ਵਿਚਕਾਰ ਪਿੰਡ ਖੋਸੇ ਕੋਲ ਪਹੁੰਚੇ ਤਾਂ ਅੱਗੇ ਇੱਕ ਟਰੱਕ ਜਾ ਰਿਹਾ ਸੀ, ਜਿਸਨੂੰ ਉਹ ਓਵਰਟੇਕ ਕਰਨ ਲੱਗੇ ਤਾਂ ਅੱਗੇ ਤੋਂ ਇੱਕ ਥਾਰ ਗੱਡੀ ਨੰ: ਪੀ.ਬੀ 08 ਈ.ਯੂ 8787 ਨਕੋਦਰ ਵਾਲੀ ਸਾਈਡ ਤੋਂ ਆ ਰਹੀ ਸੀ, ਜਿਸ ਨਾਲ ਉਨ੍ਹਾਂ ਦੀ ਟੱਕਰ ਹੋਣ ਤੋਂ ਬਚਾਅ ਹੋ ਗਿਆ ਪਰ ਥਾਰ ਗੱਡੀ ਦੇ ਚਾਲਕ ਵੱਲੋਂ ਗੱਡੀ ਮੌੜ ਕੇ ਉਨ੍ਹਾਂ ਦੀ ਗੱਡੀ ਅੱਗੇ ਲਗਾ ਲਈ ਅਤੇ ਆਪਣੇ ਸਾਥੀਆਂ ਨੂੰ ਮੌਕੇ ’ਤੇ ਬੁਲਾ ਲਿਆ ਤੇ ਉਨ੍ਹਾਂ ਦੀ ਕੁੱਟਮਾਰ ਕਰਦੇ ਹੋਏ ਉਨ੍ਹਾਂ ਦੀ ਗੱਡੀ ਦਾ ਸ਼ੀਸ਼ਾ ਤੌੜ ਕੇ ਗੱਡੀ ਦੇ ਡੈਸ਼ਬੋਰਡ ’ਤੇ ਪਿਆ ਪਰਸ ਕੱਢ ਲਿਆ, ਜਿਸ ’ਚ 37000 ਰੁਪਏ ਸਨ ਅਤੇ ਥਾਰ ਚਾਲਕ ਨੇ ਆਪਣੇ ਸਾਥੀਆਂ ਨੂੰ ਕਿਹਾ ਕਿ ਗੱਡੀ ਵਿੱਚੋਂ ਪਿਸਤੌਲ ਕੱਢ ਕੇ ਲਿਆਓ ਇਨ੍ਹਾਂ ਨੂੰ ਇਥੇ ਹੀ ਖਤਮ ਕਰ ਦਿੰਦੇ ਹਾਂ, ਜਿਸ ਤੋਂ ਬਾਅਦ ਉਹ ਡਰ ਗਏ ਅਤੇ ਆਪਣੀ ਗੱਡੀ ਨਕੋਦਰ ਵੱਲ ਨੂੰ ਭਜਾ ਲਈ ਅਤੇ ਹਮਾਲਵਰਾਂ ਵੱਲੋਂ ਉਨ੍ਹਾਂ ਦਾ ਪਿੱਛਾ ਕੀਤਾ ਗਿਆ, ਜਿਸ ’ਤੇ ਉਨ੍ਹਾਂ ਵੱਲੋਂ ਇਸਦੀ ਸੂਚਨਾ 112 ਨੰਬਰ ’ਤੇ ਪੁਲਿਸ ਕੰਟਰੋਲ ਰੂਮ ਨੂੰ ਦਿੱਤੀ ਗਈ ਅਤੇ ਨਾਲ ਹੀ ਇਸਦੀ ਸ਼ਿਕਾਇਤ ਥਾਣਾ ਨਕੋਦਰ ਨੂੰ ਦਿੱਤੀ ਗਈ। ਰਾਜੀਵ ਕੁਮਾਰ ਨੇ ਕਿਹਾ ਕਿ ਪੁਲਿਸ ਵੱਲੋਂ ਅਜੇ ਤੱਕ ਮੁਲਜਮਾਂ ਨੂੰ ਕਾਬੂ ਨਹੀਂ ਕੀਤਾ ਗਿਆ। ਦੂਜੇ ਪਾਸੇ ਇਸ ਮਾਮਲੇ ਦੀ ਜਾਂਚ ਕਰ ਰਹੇ ਥਾਣਾ ਸਦਰ ਨਕੋਦਰ ਦੇ ਏਐਸਆਈ ਮੇਜਰ ਸਿੰਘ ਨੇ ਕਿਹਾ ਕਿ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜੋ ਵੀ ਦੋਸ਼ੀ ਪਾਇਆ ਗਿਆ ਉਸਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।
