ਨਕੋਦਰ(ਜਸਵਿੰਦਰ ਚੁੰਬਰ/ਨਿਰਮਲ ਬਿੱਟੂ)ਲੋਕ ਸਭਾ ਚੋਣਾਂ ਸਬੰਧੀ ਚੋਣ ਜਾਪਤਾ ਲੱਗਣ ਤੋਂ ਬਾਅਦ ਸਿਵਲ ਅਤੇ ਪੁਲਿਸ ਪ੍ਰਸਾਸ਼ਨ ਵੱਲੋਂ ਚੋਣਾਂ ਦੇ ਮੱਦੇਨਜ਼ਰ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਇਸੇ ਤਹਿਤ ਗੁਰਸਿਮਰਨ ਸਿੰਘ ਢਿੱਲੋਂ ਪੀ.ਸੀ.ਐਸ, ਸਹਾਇਕ ਰਿਟਰਨਿੰਗ ਅਫ਼ਸਰ, ਵਿਧਾਨ ਸਭਾ ਚੋਣ ਹਲਕਾ 031 ਨਕੋਦਰ ਕਮ ਉਪ ਮੰਡਲ ਮੈਜਿਸਟਰੇਟ ਨਕੋਦਰ, ਸ੍ਰ. ਕੁਲਵਿੰਦਰ ਸਿੰਘ ਵਿਰਕ ਡੀ.ਐਸ.ਪੀ. ਨਕੋਦਰ ਦੀ ਅਗਵਾਈ ਅਤੇ ਐਸ.ਐਚ.ਓ. ਸਿਟੀ ਅਤੇ ਐਸ.ਐਚ.ਓ. ਸਦਰ ਦੀ ਦੇਖ-ਰੇਖ ਹੇਠ ਨਕੋਦਰ ਦੇ ਵੱਖ-ਵੱਖ ਇਲਾਕਿਆਂ ਚ ਫਲੈਗ ਮਾਰਚ ਕੱਢਿਆ ਗਿਆ। ਇਸ ਮੌਕੇ ਉਨ੍ਹਾਂ ਨਾਲ ਤਹਿਸੀਲਦਾਰ ਵੀ ਮੌਜੂਦ ਸਨ। ਇਸ ਮੌਕੇ ਗੁਰਸਿਮਰਨ ਸਿੰਘ ਢਿੱਲੋਂ ਐਸ.ਡੀ.ਐੱਮ ਨਕੋਦਰ ਅਤੇ ਕੁਲਵਿੰਦਰ ਸਿੰਘ ਵਿਰਕ ਡੀ.ਐਸ.ਪੀ. ਨੇ ਕਿਹਾ ਕਿ ਸਿਵਲ ਅਤੇ ਪੁਲਿਸ ਪ੍ਰਸਾਸ਼ਨ ਹਮੇਸ਼ਾ ਲੋਕਾਂ ਦੀ ਸੇਵਾ ਵਿੱਚ ਤੱਤਪਰ ਹੈ। ਉਨ੍ਹਾਂ ਕਿਹਾ ਕਿ 1 ਜੂਨ ਨੂੰ ਪੰਜਾਬ ਵਿੱਚ ਹੋਣ ਵਾਲੀਆ ਲੋਕ ਸਭਾ ਚੋਣਾਂ ਵਿੱਚ ਲੋਕ ਬਿਨਾਂ ਕਿਸੇ ਡਰ ਅਤੇ ਲਾਲਚ ਦੇ ਵੱਧ ਤੋਂ ਵੱਧ ਆਪਣੀ ਵੋਟ ਦਾ ਇਸਤੇਮਾਲ ਕਰਨ। ਉਨ੍ਹਾਂ ਕਿਹਾ ਕਿ ਲੋਕ ਮਾੜੇ ਅਨਸਰਾਂ ਤੋਂ ਸੁਚੇਤ ਰਹਿਣ ਅਤੇ ਲੋੜ ਪੈਣ ਤੇ ਮਾੜੇ ਅਨਸਰਾਂ ਖਿਲਾਫ਼ ਪੁਲਿਸ ਨੂੰ ਸੂਚਿਤ ਕਰਨ। ਉਨ੍ਹਾਂ ਲਾਇਸੈਂਸੀ ਅਸਲਾ ਧਾਰਕਾਂ ਨੂੰ ਅਪੀਲ ਕੀਤੀ ਕਿ ਉਹ ਜਲਦ ਤੋਂ ਜਲਦ ਆਪਣਾ ਅਸਲਾ ਸਬੰਧਤ ਪੁਲਿਸ ਸਟੇਸ਼ਨ ਜਾਂ ਗੰਨ ਹਾਊਸ ਵਿੱਚ ਜਮਾਂ ਕਰਵਾਉਣ। ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ ਦੌਰਾਨ ਵੋਟਰ ਪ੍ਰਸਾਸ਼ਨ ਨੂੰ ਬਣਦਾ ਸਹਿਯੋਗ ਕਰਨ ਤਾਂ ਜੋ ਚੋਣਾਂ ਨੂੰ ਅਮਨ ਅਮਾਨ ਨਾਲ ਨੇਪੜ੍ਹੇ ਚੜ੍ਹਿਆ ਜਾ ਸਕੇ।