ਨਕੋਦਰ ਵਿਖੇ ਦਰਬਾਰ ਬਾਬਾ ਲਾਲ ਬਾਦਸ਼ਾਹ ਦੇ ਮੇਲੇ ਲਈ ਰਿਸੀਵਰ ਨਿਯੁਕਤ

ਨਕੋਦਰ ਵਿਖੇ ਦਰਬਾਰ ਬਾਬਾ ਲਾਲ ਬਾਦਸ਼ਾਹ ਵਿਖੇ 18 ਤੋਂ 20 ਜੁਲਾਈ ਤੱਕ ਲੱਗਣ ਵਾਲੇ ਮੇਲੇ ਲਈ ਪ੍ਰਸ਼ਾਸ਼ਨ ਵਲੋਂ ਰਿਸੀਵਰ ਨਿਯੁਕਤ ਕੀਤਾ ਗਿਆ ਹੈ ਤਾਂ ਜੋ ਵੱਡੀ ਗਿਣਤੀ ਵਿਚ ਆਉਣ ਵਾਲੇ ਸ਼ਰਧਾਲੂਆਂ ਲਈ ਪੁਖ਼ਤਾ ਪ੍ਰਬੰਧ ਯਕੀਨੀ ਬਣਾਏ ਜਾ ਸਕਣ । ਐਸ ਡੀ ਐਮ ਨਕੋਦਰ ਗੁਰਸਿਮਰਨ ਸਿੰਘ ਨੇ ਦੱਸਿਆ ਕਿ ਪ੍ਰਸ਼ਾਸ਼ਨ ਵੱਲੋਂ ਨਾਇਬ ਤਹਿਸੀਲਦਾਰ ਨਕੋਦਰ ਗੁਰਦੀਪ ਸਿੰਘ ਨੂੰ ਰਿਸੀਵਰ ਨਿਯੁਕਤ ਕੀਤਾ ਗਿਆ ਹੈ ਜਿਨ੍ਹਾਂ ਵਲੋੰ ਚਾਰਜ ਲੈ ਲਿਆ ਗਿਆ ਹੈ ।ਉਨ੍ਹਾਂ ਦੱਸਿਆ ਕਿ ਦਰਬਾਰ ਦੀ ਮਰਿਆਦਾ ਅਨੁਸਾਰ ਮੇਲੇ ਦੇ ਪ੍ਰਬੰਧਾਂ ਲਈ ਰਿਸੀਵਰ ਦੀ ਅਗਵਾਈ ਵਿੱਚ ਪੁਖ਼ਤਾ ਪ੍ਰਬੰਧ ਕੀਤੇ ਜਾ ਰਹੇ ਹਨ । ਉਨ੍ਹਾਂ ਕਿਹਾ ਕਿ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਦੀ ਆਮਦ ਦੇ ਮੱਦੇਨਜਰ ਪੁਲਿਸ ਵੱਲੋਂ ਸੁਚਾਰੂ ਆਵਾਜਾਈ ਤੇ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਸ਼ਰਧਾਲੂ ਬਿਨ੍ਹਾਂ ਕਿਸੇ ਦਿੱਕਤ ਤੋਂ ਦਰਬਾਰ ਦੇ ਦਰਸ਼ਨ ਕਰ ਸਕਣ । ਇਸ ਤੋਂ ਇਲਾਵਾ ਨਗਰ ਕੌਂਸਲ ਨਕੋਦਰ ਨੂੰ ਸ਼ਹਿਰ ਦੀ ਸਾਫ ਸਫਾਈ ਕਰਨ ਤੇ ਲੋੜ ਅਨੁਸਾਰ ਸਾਈਨੇਜ ਲਗਾਉਣ ਲਈ ਵੀ ਕਿਹਾ ਗਿਆ ਹੈ । ਸ਼ਰਧਾਲੂਆਂ ਲਈ ਪੀਣ ਵਾਲੇ ਪਾਣੀ , ਪਾਰਕਿੰਗ ਲਈ ਵੀ ਵਿਵਸਥਾ ਕੀਤੀ ਗਈ ਹੈ ।ਬਾਜ਼ਾਰ ਵਿੱਚ ਅਣਅਧਿਕਾਰਤ ਕਬਜ਼ਿਆਂ ਨੂੰ ਹਟਾਉਣ ਲਈ ਵੀ ਨਕੋਦਰ ਨਗਰ ਕੌਂਸਲ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਜੋ ਲੋਕਾਂ ਨੂੰ ਮੇਲੇ ਦੌਰਾਨ ਆਵਾਜਾਈ ਦੀ ਦਿੱਕਤ ਨਾ ਆਵੇ । ਉਨ੍ਹਾਂ ਸ਼ਰਧਾਲੂਆਂ ਨੂੰ ਅਪੀਲ ਕੀਤੀ ਕਿ ਉਹ ਵੱਧ ਚੜਕੇ ਮੇਲੇ ਵਿੱਚ ਹਿੱਸਾ ਲੈਣ ਕਿਉਂਕਿ ਪ੍ਰਸ਼ਾਸ਼ਨ ਵੱਲੋਂ ਲੋੜੀਂਦੇ ਪ੍ਰਬੰਧ ਕੀਤੇ ਗਏ ਹਨ।
