ਨਸ਼ਾ ਤਸਕਰਾਂ ਦਾ ਸਾਥ ਦੇਣ ਵਾਲੇ ਨੂੰ ਵੀ ਭੇਜਾਂਗੇ ਜੇਲ੍ਹ-ਡੀ.ਐਸ.ਪੀ ਗੁਰਪ੍ਰੀਤ ਗਿੱਲ

ਬੁਢਲਾਡਾ, 30 ਜਨਵਰੀ (ਅਮਿਤ ਜਿੰਦਲ) ਲੋਕਾਂ ਸਭਾ ਚੋਣਾਂ ਨੂੰ ਮੱਦੇਨਜਰ ਰੱਖਦੇ ਹੋਏ ਪੰਜਾਬ ਵਿੱਚ ਵੱਡੀ ਪੱਧਰ ਤੇ ਪ੍ਰਸ਼ਾਸ਼ਨਿਕ ਢਾਂਚੇ ਵਿੱਚ ਰੱਦੋਬਦਲ ਕੀਤੀ ਗਈ। ਜਿਸ ਤਹਿਤ ਬੁਢਲਾਡਾ ਸਬ ਡਵੀਜ਼ਨ ਅੰਦਰ ਗੁਰਪ੍ਰੀਤ ਸਿੰਘ ਗਿੱਲ ਨੇ ਬਤੌਰ ਡੀ.ਐਸ.ਪੀ. ਵਜੋ ਚਾਰਜ ਸੰਭਾਲ ਲਿਆ ਹੈ। ਚਾਰਜ ਸੰਭਾਲਦਿਆਂ ਹੀ ਉਨ੍ਹਾਂ ਵੱਖ-ਵੱਖ ਥਾਣਿਆਂ ਦੇ ਮੁੱਖੀਆਂ ਨੂੰ ਅਮਨ ਕਾਨੂੰਨ ਦੀ ਵਿਵਸਥਾ ਨੂੰ ਕਾਇਮ ਰੱਖਣ ਲਈ ਅਣਗੇਹਲੀ ਅਤੇ ਲਾਹਪਰਵਾਹੀ ਨੂੰ ਬਰਦਾਸਤ ਨਾ ਕਰਨ ਦੀਆਂ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ। ਉਨ੍ਹਾਂ ਤਾੜਨਾ ਕਰਦਿਆਂ ਕਿਹਾ ਹਲਕੇ ਅੰਦਰ ਨਸ਼ਾ ਤਸਕਰਾਂ ਨੂੰ ਕਿਸੇ ਵੀ ਸੂਰਤ ਵਿੱਚ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੀ ਨੌਜਵਾਨੀ ਨੂੰ ਬਚਾਉਣ ਲਈ ਨਸ਼ਾ ਵੇਚਣ ਵਾਲੇ ਅਤੇ ਉਨ੍ਹਾਂ ਦੀ ਮਦਦ ਕਰਨ ਵਾਲਿਆਂ ਨੂੰ ਵੀ ਆੜੇ ਹੱਥੀ ਲਿਆ ਜਾਵੇਗਾ। ਹਲਕੇ ਦੇ ਸਮੂਹ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਦੁਆਲਾ ਸੁਰੱਖਿਅਤ ਬਨਾਉਣ ਲਈ ਹਰ ਸ਼ੱਕੀ ਵਿਅਕਤੀ ਵਸਤੂ ਦੀ ਇਤਲਾਹ ਪੁਲਿਸ ਨੂੰ ਤੁਰੰਤ ਦੇਣ। ਉਨ੍ਹਾਂ ਸ਼ਹਿਰ ਦੀਆਂ ਵੱਖ ਵੱਖ ਧਰਮਸ਼ਾਲਾਵਾਂ, ਹੋਟਲਾਂ ਦੇ ਪ੍ਰਬੰਧਕਾਂ ਨੂੰ ਅਪੀਲ ਕੀਤੀ ਕਿ ਉਹ ਉਹ ਆਉਣ ਵਾਲੇ ਮੁਸਾਫਿਰਾਂ ਦੀ ਸੂਚਨਾ ਵੀ ਪੁਲਿਸ ਨੂੰ ਦੇਣ, ਉਥੇ ਢਾਬੇ, ਦੁਕਾਨਦਾਰਾਂ, ਫੈਕਟਰੀਆਂ ਵਿੱਚ ਕੰਮ ਕਰਨ ਵਾਲੇ ਪਰਵਾਸੀ ਮੁਲਾਜਮਾਂ ਦੀ ਇਤਲਾਹ ਵੀ ਪੁਲਿਸ ਨੂੰ ਦੇਣ। ਉਨ੍ਹਾਂ ਸਮੂਹ ਧਾਰਮਿਕ ਸਥਾਨਾਂ, ਗੁਰਦੁਆਰਾ ਸਾਹਿਬ, ਮੰਦਰਾਂ ਆਦਿ ਵਿੱਚ ਸੀ.ਸੀ.ਟੀ.ਵੀ. ਕੈਮਰਿਆਂ ਨੂੰ ਯਕੀਨੀ ਬਣਾਉਣ। ਇਸ ਮੌਕੇ ਤੇ ਐਸ ਐਚ ਓ ਸਿਟੀ ਭੁਪਿੰਦਰਜੀਤ ਸਿੰਘ, ਐਸ.ਐਚ.ਓ. ਮੇਲਾ ਸਿੰਘ, ਐਸ.ਐਚ.ਓ. ਬੋਹਾ, ਐਸ.ਐਚ.ਓ. ਕੁਲਰੀਆਂ ਦੇ ਚੌਂਕੀ ਇੰਚਾਰਜ ਹਾਜਰ ਸਨ।
