ਨੂਰਮਹਿਲ ਦੀਆਂ ਦੋ ਭੈਣਾਂ ’ਤੇ ਨਿਊਜਰਸੀ ’ਚ ਜਾਨਲੇਵਾ ਹਮਲਾ, ਇਕ ਦੀ ਮੌਤ, ਨਕੋਦਰ ਦੇ ਪਿੰਡ ਹੁਸੈਨਪੁਰ ਦਾ ਨੌਜਵਾਨ ਗ੍ਰਿਫ਼ਤਾਰ

ਜਲੰਧਰ/ਨਕੋਦਰ (ਏ.ਐਲ.ਬਿਉਰੋ) ਨਿਊਜਰਸੀ ਦੇ ਵੈਸਟ ਕਾਰਟਰੇਟ ਦੇ ਰੂਜ਼ਵੈਲਟ ਐਵੇਨਿਊ ਵਿਖੇ ਪੰਜਾਬ ਮੂਲ ਦੇ ਇਕ ਵਿਅਕਤੀ ਨੇ ਨੂਰਮਹਿਲ ਦੀਆਂ ਦੋ ਭੈਣਾਂ ’ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਕਾਰਨ ਇਕ ਭੈਣ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਦੂਜੀ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਈ। ਹਮਲਾਵਰ ਦੀ ਪਛਾਣ ਗੌਰਵ ਗਿੱਲ ਵਾਸੀ ਨਕੋਦਰ ਨੇੜਲੇ ਪਿੰਡ ਹੁਸੈਨਪੁਰ ਵਜੋਂ ਹੋਈ ਹੈ, ਜਿਸ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਪਿੰਡ ਵਾਲਿਆਂ ਦੇ ਦੱਸਣ ਮੁਤਾਬਿਕ ਉਹ ਲਗਪਗ 10 ਮਹੀਨੇ ਪਹਿਲਾਂ ਆਈਲੈਟਸ ਕਰਨ ਤੋਂ ਬਾਅਦ ਅਮਰੀਕਾ ਚਲਾ ਗਿਆ ਸੀ ਉਹ ਪੜ੍ਹਨ ’ਚ ਹੁਸ਼ਿਆਰ ਸੀ ਤੇ ਕਦੀ ਵੀ ਉਸ ਬਾਰੇ ਕੋਈ ਲੜਾਈ-ਝਗੜੇ ਦੀ ਗੱਲ ਨਹੀਂ ਸੁਣੀ ਸੀ। ਉਸ ਦੇ ਪਿਤਾ ਬਹੁਤ ਦੇਰ ਤੋਂ ਮਸਕਟ ’ਚ ਕੰਮ ਕਰਦੇ ਸਨ। ਗੌਰਵ ਤੋਂ ਇਲਾਵਾ ਉਸ ਦਾ ਇਕ ਛੋਟਾ ਭਰਾ ਵੀ ਹੈ ਜੋ ਕੀ ਅਜੇ ਪੜ੍ਹਦਾ ਹੈ। ਰਿਪੋਰਟਾਂ ਮੁਤਾਬਕ ਜਸਵੀਰ ਕੌਰ (29) ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂਕਿ ਦੂਜੀ ਭੈਣ (20) ਗੰਭੀਰ ਰੂਪ ’ਚ ਜ਼ਖਮੀ ਹੋ ਗਈ। ਗੌਰਵ ਗਿੱਲ ਤੇ ਛੋਟੀ ਭੈਣ ਨੇ ਨਕੋਦਰ ਤੋਂ ਇਕੱਠੇ ਆਈਲੈਟਸ ਕੀਤੀ ਸੀ। ਜਸਵੀਰ ਕੌਰ ਸ਼ਾਦੀਸ਼ੁਦਾ ਸੀ ਤੇ ਉਸ ਦਾ ਪਤੀ ਟਰੱਕ ਡਰਾਈਵਰ ਹੈ। ਜ਼ਖਮੀ ਲੜਕੀ ਨੂੰ ਏਅਰਲਿਫਟ ਕਰ ਕੇ ਨਿਊਯਾਰਕ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ।
