ਨੂਰਮਹਿਲ ਸ਼ਹਿਰ ਵਿਚ ਮੰਗਤਿਆ ਤੋਂ ਲੋਕ ਦੁਖੀ – ਪੑਸ਼ਾਸ਼ਨ ਕਾਰਵਾਈ ਕਰੇ

ਨੂਰਮਹਿਲ (ਜਸਵਿੰਦਰ ਸਿੰਘ ਲਾਂਬਾ) ਪੑਵਾਸੀ ਭਾਰਤੀਆਂ ਦੀ ਆਮਦ ਜੋਰਾਂ ਤੇ ਹੋਣ ਤੇ ਸ਼ਹਿਰ ਵਿਚ ਮੰਗਤਿਆ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਸ਼ਹਿਰ ਵਿਚ ਖਰੀਦੋ ਫ਼ਰੋਖਤ ਕਰਨ ਆਏ ਲੋਕਾਂ ਨੂੰ ਇਨ੍ਹਾਂ ਮੰਗਤਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਲੋਕ ਇਨ੍ਹਾਂ ਤੋਂ ਇੰਨੇ ਦੁੱਖੀ ਹਨ ਕਿ ਇਹ ਮੰਗਤੇ ਜਦੋਂ ਲੋਕ ਗੱਡੀ ਵਿੱਚੋ ਉਤਰਦੇ ਹਨ ਤਾਂ ਇਨ੍ਹਾਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੰਦੇ ਹਨ ਤੇ ਜਿੰਨਾ ਚਿਰ ਤੱਕ ਇਨ੍ਹਾਂ ਨੂੰ 50-100 ਰੁਪਏ ਨਹੀਂ ਦਿੱਤੇ ਜਾਂਦੇ ਤਾਂ ਪਿੱਛਾ ਨਹੀਂ ਛੱਡਦੇ। ਇਨ੍ਹਾਂ ਮੰਗਤਿਆ ਨੇ ਭਗਵੇ ਕਪੜੇ ਪਾਏ ਹੋਏ ਹੁੰਦੇ ਹਨ ਤੇ ਲੋਕਾਂ ਨੂੰ ਧਰਮ ਦਾ ਵਾਸਤਾ ਦੇ ਕੇ ਇੰਨੀ ਠੱਗੀ ਕਰਦੇ ਹਨ ਕਿ ਪੈਸੇ ਲਏ ਬਗੈਰ ਲੋਕਾਂ ਦੀ ਜਾਨ ਨਹੀਂ ਛੱਡਦੇ। ਸ਼ਹਿਰ ਵਿਚ ਸੈਂਕੜੇ ਹੀ ਮੰਗਤੇ ਹਰ ਰੋਜ਼ ਬਜ਼ਾਰਾਂ ਵਿਚ ਆਮ ਦੇਖੇ ਜਾ ਸਕਦੇ ਹਨ। ਇਥੋਂ ਤੱਕ ਇਨ੍ਹਾਂ ਮੰਗਤਿਆ ਨੇ ਨਸ਼ੇ ਵੀ ਕੀਤੇ ਹੋਏ ਹੁੰਦੇ। ਮੰਗਤਿਆ ਦੇ ਰੇਟ ਇਨ੍ਹਾਂ ਵੱਧ ਗਏ ਹਨ। 10-20 ਦੀ ਗੱਲ ਨਹੀਂ ਕਰਦੇ ਸਗੋਂ 200 ਰੁਪਏ ਦੀ ਮੰਗ ਕਰਦੇ ਹਨ। ਬਜ਼ਾਰ ਵਿਚੋਂ ਖਰੀਦੋ ਫ਼ਰੋਖਤ ਕਰਨ ਆਏ ਲੋਕਾਂ ਨੇ ਪੁਲਿਸ ਪੑਸ਼ਾਸ਼ਨ ਤੋ ਮੰਗ ਕੀਤੀ ਹੈ ਕਿ ਇਨ੍ਹਾਂ ਮੰਗਤਿਆ ਤੋ ਸਾਡਾ ਖਹਿੜਾ ਛੁਡਾਇਆ ਜਾਵੇ।
