ਨੈਸ਼ਨਲ ਹਾਈਵੇ ਉੱਪਰ ਕਾਰ ਤੇ ਮੋਟਰਸਾਈਕਲ ਦੀ ਜ਼ਬਰਦਸਤ ਟੱਕਰ ਦੌਰਾਨ ਨੌਜਵਾਨ ਗੰਭੀਰ ਜ਼ਖਮੀ

ਸ਼ਾਹਕੋਟ/ਮਲਸੀਆ (ਬਿੰਦਰ ਕੁਮਾਰ) ਦੇਰ ਸ਼ਾਮ ਜਲੰਧਰ-ਮੋਗਾ ਨੈਸ਼ਨਲ ਹਾਈਵੇ ਉੱਪਰ ਮਲਸੀਆਂ ਵਿਖੇ ਇੱਕ ਕਾਰ ਤੇ ਮੋਟਰਸਾਈਕਲ ਦੀ ਜ਼ਬਰਦਸਤ ਟੱਕਰ ਦੌਰਾਨ ਮੋਟਰਸਾਈਕਲ ਸਵਾਰ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ। ਜਾਣਕਾਰੀ ਅਨੁਸਾਰ ਸਵਿਫ਼ਟ ਕਾਰ ਨੰਬਰ ਪੀ.ਬੀ.05 ਆਰ. 4546 ਧਰਮਕੋਟ ਤੋਂ ਜਲੰਧਰ ਜਾ ਰਹੀ ਸੀ, ਜਿਸ ਨੂੰ ਕਰਨਪ੍ਰੀਤ ਸਿੰਘ ਪੁੱਤਰ ਸਾਧਾ ਸਿੰਘ ਵਾਸੀ ਪਿੰਡ ਪੰਡੋਰੀ ਅਰਾਈਆਂ ਥਾਣਾ ਧਰਮਕੋਟ (ਮੋਗਾ) ਚਲਾ ਰਿਹਾ ਸੀ। ਸ਼ਾਮ ਕਰੀਬ 7.15 ਵਜੇ ਕਾਰ ਮਲਸੀਆਂ ਬਿਜਲੀ ਦਫ਼ਤਰ ਦੇ ਸਾਹਮਣੇ ਪਹੁੰਚੀ ਤਾਂ ਉਥੋਂ ਬਿਨਾਂ ਨੰਬਰੀ ਪਲਸਰ ਮੋਟਰਸਾਈਕਲ ’ਤੇ ਸਵਾਰ ਸਾਜਨ (22) ਪੁੱਤਰ ਵਿਜੇ ਵਾਸੀ ਬਸਤੀ ਗੁਜਾਂ ਜਲੰਧਰ ਨੇ ਅਚਾਨਕ ਮੁੜਨ ਦੀ ਕੋਸ਼ਿਸ਼ ਕੀਤੀ ਤਾਂ ਕਾਰ ਉਸਦੇ ਮੋਟਰਸਾਈਕਲ ’ਚ ਜਾ ਵੱਜੀ। ਹਾਦਸੇ ਦੌਰਾਨ ਮੋਟਰਸਾਈਕਲ ਸਵਾਰ ਨੌਜਵਾਨ ਕਾਰ ਨਾਲ ਟਕਰਾਉਣ ਤੋਂ ਬਾਅਦ ਹੇਠ ਡਿੱਗਾ ਤੇ ਗੰਭੀਰ ਜ਼ਖਮੀ ਹੋ ਗਿਆ। ਹਾਦਸੇ ਤੋਂ ਬਾਅਦ ਮਲਸੀਆਂ ਚੌਂਕੀ ਦੀ ਪੁਲਿਸ ਮੌਕੇ ’ਤੇ ਪੁੱਜੀ। ਜ਼ਖਮੀ ਨੌਜਵਾਨ ਨੂੰ ਡਾਇਲ 108 ਐਂਬੂਲੈਂਸ ਦੇ ਪਾਇਲਟ ਸੁਰਜੀਤ ਸਿੰਘ ਤੇ ਈ.ਐਮ.ਟੀ. ਲਵਦੀਪ ਸਿੰਘ ਵਲੋਂ ਨਕੋਦਰ ਦੇ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ। ਪੁਲਿਸ ਵਲੋਂ ਹਾਦਸਾਗ੍ਰਸਤ ਕਾਰ ਤੇ ਮੋਟਰਸਾਈਕਲ ਕਬਜ਼ੇ ’ਚ ਲੈ ਕੇ ਬਣਦੀ ਕਾਰਵਾਈ ਕੀਤੀ ਜਾ ਰਹੀ ਸੀ।
