ਨੰਬਰਦਾਰ ਯੂਨੀਅਨ ਵੱਲੋਂ ਮੁਹੱਲਾ ਕਲੀਨਿਕ ਦੇ ਅੱਗੇ ਟੰਗਿਆ ਪੁਤਲਾ ਆਪ ਵਰਕਰਾਂ ਨੇ ਉਤਾਰ ਕੇ ਸੁੱਟਿਆ

ਨੂਰਮਹਿਲ 25 ਜਨਵਰੀ (ਤੀਰਥ ਚੀਮਾ, ਜਸਵਿੰਦਰ ਲਾਂਬਾ) ਨੰਬਰਦਾਰ ਯੂਨੀਅਨ ਜ਼ਿਲਾ ਜਲੰਧਰ ਵਲੋਂ ਨੂਰਮਹਿਲ ਦੇ ਉਸਾਰੀ ਅਧੀਨ ਸਰਕਾਰੀ ਸਕੂਲ ਦੀ ਬਿਲਡਿੰਗ ਨੂੰ ਜਲਦ ਪੂਰਾ ਕਰਕੇ ਚਾਲੂ ਕਰਨ ਦੀ ਮੰਗ ਵਿੱਚ ਹੋ ਦੇਰੀ ਵਜੋਂ ਯੂਨੀਅਨ ਨੇ ਆਪਣਾ ਰੋਸ ਪਰਗਟ ਕਰਨ ਲਈ 26 ਜਨਵਰੀ ਨੂੰ ਨਕੋਦਰ ਰੋਡ ਤੇ ਖੁੱਲਣ ਜਾ ਰਹੇ ਮੁਹੱਲਾ ਕਲੀਨਿਕ ਅੱਗੇ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਦਾ ਪੁਤਲਾ ਸਾੜਨਾ ਸੀ। ਬੀਤੇ ਦਿਨੀਂ ਯੂਨੀਅਨ ਨੇ ਇਹ ਪੁਤਲਾ ਮੁਹੱਲਾ ਕਲੀਨਿਕ ਦੇ ਬਾਹਰ ਇੱਕ ਦਰੱਖਤ ਤੇ ਟੰਗਿਆ ਸੀ। ਅੱਜ ਮੁਹੱਲਾ ਕਲੀਨਿਕ ਦੇ ਬਾਹਰ ਇਕੱਠੇ ਹੋਏ ਆਪ ਦੇ ਬਲਾਕ ਪ੍ਰਧਾਨ ਅਤੇ ਸੀਨੀਅਰ ਨੇਤਾਵਾਂ ਨੇ ਇਹ ਪੁਤਲਾ ਉਤਾਰ ਕੇ ਸੁੱਟ ਦਿੱਤਾ ਤੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਕੰਮ ਸਿਰਫ ਲੋਕਪ੍ਰਿਯਤਾ ਹਾਸਲ ਕਰਨ ਲਈ ਕੀਤਾ ਜਾ ਰਿਹਾ ਹੈ। ਸਾਡੀ ਸਰਕਾਰ ਦਾ ਤਾਂ ਪ੍ਰਮੁੱਖ ਏਜੰਡਾ ਹੀ ਸਿਹਤ ਅਤੇ ਸਿੱਖਿਆ ਸਹੂਲਤ ਹੈ। ਸਾਡੇ ਹਲਕੇ ਦੇ ਵਿਧਾਇਕ ਬੀਬੀ ਇੰਦਰਜੀਤ ਕੌਰ ਮਾਨ ਸਕੂਲ ਦੇ ਕੰਮ ਨੂੰ ਨੇਪਰੇ ਚਾੜ੍ਹਨ ਲਈ ਪੂਰਾ ਜ਼ੋਰ ਲਗਾ ਰਹੇ ਹਨ ਅਤੇ ਸਕੂਲ ਦੇ ਰਸਤੇ ਵਿੱਚ ਜੋ ਵੀ ਅੜਚਨਾਂ ਆ ਰਹੀਆਂ ਹਨ ਉਸ ਨੂੰ ਵੀ ਕਾਨੂੰਨੀ ਰੂਪ ਵਿੱਚ ਦੂਰ ਕਰਵਾ ਰਹੇ ਹਨ। ਬੀਤੇ ਦਿਨੀਂ ਬੀਬੀ ਜੀ ਨੇ ਸਕੂਲ ਦੀ ਜ਼ਮੀਨ ਤੇ ਬੈਠ ਕੇ ਚੱਲ ਰਹੇ ਧਰਨੇ ਨੂੰ ਖਤਮ ਕਰਵਾਇਆ ਸੀ ਅਤੇ ਚੋਣਾਂ ਤੋਂ ਪਹਿਲਾਂ ਕੀਤੇ ਵਾਅਦੇ ਅਨੁਸਾਰ ਸਕੂਲ ਬਣਾਉਣ ਦੀ ਵਚਨ ਬੱਧਤਾ ਨੂੰ ਦੁਹਰਾਇਆ। ਆਪ ਨੇਤਾਵਾਂ ਨੇ ਸਮੂਹਿਕ ਰੂਪ ਵਿੱਚ ਕਿਹਾ ਕਿ ਅਕਾਲੀ ਕਾਂਗਰਸੀ ਸਰਕਾਰਾਂ ਵੇਲੇ ਧਰਨੇ ਲਾਉਂਦੇ, ਰਾਸਤੇ ਰੋਕਦੇ ਅਤੇ ਪੁਤਲਾ ਫੂਕ ਪ੍ਰਦਰਸ਼ਨ ਕਰਦੇ ਤਾਂ ਇਹ ਹੋਰ ਵਧੀਆ ਲੱਗਣਾ ਸੀ ਪਰ ਇਹ ਉਸ ਸਮੇਂ ਨਹੀਂ ਕੀਤਾ ਕਿਉਂਕਿ ਉਹਨਾਂ ਨਾਲ ਯਾਰੀਆਂ ਨਿਭਾਈਆਂ ਗਈਆਂ ਅਤੇ ਮੰਗ ਪੱਤਰ ਦੇ ਕੇ ਅਖ਼ਬਾਰਾਂ ਦੀਆਂ ਸੁਰਖੀਆਂ ਬਣਦੇ ਰਹੇ। ਆਪ ਨੇਤਾਵਾਂ ਨੇ ਕਿਹਾ ਕਿ ਜੇਕਰ 26 ਜਨਵਰੀ ਨੂੰ ਮੁਹੱਲਾ ਕਲੀਨਿਕ ਦੇ ਉਦਘਾਟਨ ਮੌਕੇ ਯੂਨੀਅਨ ਨੇ ਅਜਿਹਾ ਕੋਈ ਵੀ ਕਾਰਾ ਕੀਤਾ ਤਾਂ ਯੂਨੀਅਨ ਦੀ ਅਗਵਾਈ ਕਰ ਰਹੇ ਅਤੇ ਹੋਰ ਸਾਥੀਆਂ ਤੇ ਬਣਦੀ ਕਾਨੂੰਨੀ ਕਾਰਵਾਈ ਕਰਵਾਈ ਜਾਵੇਗੀ। ਇਸ ਮੌਕੇ ਲਖਵੀਰ ਸਿੰਘ ਉਰਫ ਸ਼ੀਰ ਉੱਪਲ, ਦਵਿੰਦਰ ਪਾਲ ਚਾਹਲ, ਮਨਜੀਤ ਸਿੰਘ ਕੰਦੋਲਾ, ਸਮੀਰ ਉਰਫ ਮਿੰਟੂ ਨਈਅਰ, ਅਜੀਤ ਸਿੱਧਮ, ਹਨੀ ਆਦੇਕਾਲੀ, ਰਾਕੇਸ਼ ਅਰੋੜਾ, ਕੌਂਸਲਰ ਰਾਜੀਵ ਮਿਸਰ,ਸੰਦੀਪ ਤਕਿਆਰ ਉਰਫ ਸ਼ਾਲੂ ਆਦਿ ਹਾਜ਼ਰ ਸਨ। ਜਦੋਂ ਇਸ ਸਬੰਧੀ ਯੂਨੀਅਨ ਦੇ ਆਗੂ ਨੰਬਰਦਾਰ ਅਸ਼ੋਕ ਸੰਧੂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਅਸੀਂ ਕਿਸੇ ਵੀ ਸਰਕਾਰੀ ਕੰਮ ਵਿੱਚ ਰੁਕਾਵਟ ਨਹੀਂ ਪਾਉਂਦੇ ਅਤੇ ਨਾ ਹੀ ਕਿਸੇ ਨੂੰ ਬਦਨਾਮ ਕਰਨਾ ਸਾਡਾ ਮਕਸਦ ਹੈ। ਅਸੀ ਅਜਿਹੀਆਂ ਕਾਰਵਾਈਆਂ ਨਾਲ ਸਰਕਾਰ ਅਤੇ ਉਸਦੇ ਨੁਮਾਇੰਦਿਆ ਤੱਕ ਅਵਾਜ਼ ਪਹੁੰਚਾ ਕੇ ਸਕੂਲ ਦਾ ਅਤੇ ਹੋਰ ਲੋਕ ਮਸਲੇ ਹੱਲ ਕਰਵਾਉਣ ਦਾ ਯਤਨ ਕਰਦੇ ਹਾਂ। ਜੇਕਰ ਸਾਡੇ ਹਲਕੇ ਦੇ ਵਿਧਾਇਕ ਬੀਬੀ ਮਾਨ ਸਕੂਲ ਦੇ ਮਸਲੇ ਤੇ ਕਾਫੀ ਅੜਚਨਾਂ ਨੂੰ ਦੂਰ ਕਰ ਚੁੱਕੇ ਹਨ ਤਾਂ ਉਹ ਸਭ ਜਨਤਕ ਕਰ ਦੇਵਣ ਫਿਰ ਅਸੀ ਵੀ ਵਿਰੋਧ ਵਿੱਚ ਨਹੀਂ ਸਗੋਂ ਨਾਲ ਚੱਲ ਕੇ ਕੰਮ ਕਰਾਂਗੇ।
