ਪਹਿਲੀ ਫੇਰੀ ‘ਚ ਹੀ ਵਰਕਰਾਂ ਵਿੱਚ ਜੋਸ਼ ਭਰ ਗਏ ਕੁਲਬੀਰ ਸਿੰਘ ਜੀਰਾ

ਜਲਾਲਾਬਾਦ, 29 ਮਾਰਚ (ਮਨੋਜ ਕੁਮਾਰ) ਆਗਾਮੀ ਲੋਕ ਸਭਾ ਚੋਣਾਂ ਲਈ ਫਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਸੰਭਾਵੀ ਉਮੀਦਵਾਰ ਕੁਲਬੀਰ ਸਿੰਘ ਜੀਰਾ ਨੇ ਕੱਲ ਜਲਾਲਾਬਾਦ ਦਾ ਦੌਰਾ ਕੀਤਾ, ਜਿੱਥੇ ਉਨ੍ਹਾਂ ਆਪਣੇ ਕਰੀਬੀ ਦੋਸਤਾਂ ਅਤੇ ਪਾਰਟੀ ਵਰਕਰਾਂ ਦੇ ਨਾਲ ਮੁਲਾਕਾਤ ਕੀਤੀ। ਇਸ ਮੌਕੇ ਮੀਡੀਆ ਨਾਲ ਵਿਸ਼ੇਸ਼ ਤੌਰ ਵਿਚਾਰ ਸਾਂਝੇ ਕਰਨ ਲਈ ਸ਼੍ਰੀ ਜੀਰਾ ਆਪਣੇ ਪੁਰਾਣੇ ਦੋਸਤ ਅਤੇ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੇ ਜਿਲਾ ਪ੍ਰਧਾਨ ਟੋਨੀ ਛਾਬੜਾ ਦੇ ਦਫਤਰ ਪਹੁੰਚੇ, ਜਿੱਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਪਾਰਟੀ ਦੇ ਗੱਦਾਰਾਂ ਨੂੰ ਲਾਹਣਤਾਂ ਪਾਈਆਂ ਅਤੇ ਵਰਕਰਾਂ ਵਿੱਚ ਜੋਸ਼ ਭਰਿਆ। ਉਨ੍ਹਾਂ ਕਿਹਾ ਕਿ ਮੋਦੀ ਅਤੇ ਅਮਿਤ ਸ਼ਾਹ ਜਿਨ੍ਹਾਂ ਨੂੰ ਹੀਰੇ ਸਮਝ ਕੇ ਲੈ ਗਏ ਹਨ, ਦਰਅਸਲ ਉਹ ਨਿਰਾ ਕੱਚ ਹਨ ਅਤੇ ਜੇਕਰ ਇਨ੍ਹਾਂ ਹੀਰਿਆਂ ਦੀ ਚਮਕ ਭਾਜਪਾ ਨੇ ਦੇਖਣੀ ਹੈ ਤਾਂ ਇਨ੍ਹਾਂ ਨੂੰ ਚੋਣ ਜਰੂਰ ਲੜਾਉਣ। ਜੀਰਾ ਨੇ ਕਿਹਾ ਕਿ ਵਰਕਰ ਪਾਰਟੀ ਦੀ ਰੀੜ ਹਨ ਅਤੇ ਕਾਂਗਰਸ ਦੀ ਰੀੜ ਬੜੀ ਮਜਬੂਤ ਹੈ।
