ਪਿੰਡ ਗੁਣੀਕੇ ਦੇ ਨਵੇਂ ਦਰਬਾਰ ਸਾਹਿਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੀਤਾ ਪ੍ਰਕਾਸ਼

ਭਵਾਨੀਗੜ੍ਹ (ਵਿਜੈ ਗਰਗ) ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ ਚਰਨਛੋਹ ਅਸਥਾਨ ਪਿੰਡ ਗੁਣੀਕੇ ਵਿਖੇ ਨਵੇਂ ਬਣੇ ਦਰਬਾਰ ਸਾਹਿਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਮਹਾਨ ਗੁਰਮਤ ਸਮਾਗਮ ਕਰਵਾਇਆ ਗਿਆ। ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਭਾਈ ਕਰਨੈਲ ਸਿੰਘ ਨੇ ਦੱਸਿਆ ਕਿ ਸਮੂਹ ਨਗਰ ਇਲਾਕਾ ਤੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਕਾਰ ਸੇਵਾ ਜਾਰੀ ਸੀ ਜਿਸ ਦੀ ਸੰਪੂਰਨਤਾ ਮੌਕੇ ਗੁਰੂ ਕਿਰਪਾ ਸਦਕੇ ਗੁਰੂ ਮਹਾਰਾਜ ਜੀ ਦੇ ਪ੍ਰਕਾਸ਼ ਕਰ ਦਿੱਤੇ ਗਏ ਹਨ। ਗੁਰੂ ਪਾਤਸ਼ਾਹ ਦੇ ਸ਼ੁਕਰਾਨਾ ਵਜੋਂ ਕਥਾ ਕੀਰਤਨ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਪ੍ਰਸਿੱਧ ਕਥਾਵਾਚਕ ਗਿਆਨੀ ਰਾਜਿੰਦਰਪਾਲ ਸਿੰਘ ਨਾਭਾ, ਬਾਬਾ ਰਣਜੀਤ ਸਿੰਘ ਢਿੰਗੀ ਵਾਲੇ, ਸੰਤ ਰਣਜੀਤ ਸਿੰਘ ਤਪਾਦਰਾਜ ਮੁਹਾਲੀ ਵਾਲਿਆਂ ਨੇ ਕੀਰਤਨ ਅਤੇ ਗੁਰਮਤਿ ਦੀਆਂ ਵਿਚਾਰਾਂ ਦੁਆਰਾ ਸੰਗਤਾਂ ਨੂੰ ਨਿਹਾਲ ਕਰਦਿਆਂ ਗੁਰਬਾਣੀ ਅਤੇ ਗੁਰ ਇਤਿਹਾਸ ਨਾਲ ਜੋੜਿਆ। ਇਸ ਮੌਕੇ ਵਿਸ਼ੇਸ਼ ਸੇਵਾ ਵਿੱਚ ਯੋਗਦਾਨ ਪਾਉਣ ਵਾਲਿਆਂ ਦਾ ਭਾਈ ਕਰਨੈਲ ਸਿੰਘ ਵੱਲੋਂ ਧੰਨਵਾਦ ਤੇ ਸਨਮਾਨ ਵੀ ਕੀਤਾ ਗਿਆ। ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ।
