ਪਿੰਡ ਬੋਹਾ ਵਿਖੇ ਐਂਟੀ ਮਲੇਰੀਆ ਮੰਥ ਸੰਬੰਧੀ ਜਾਗਰੂਕਤਾ ਸੈਮੀਨਾਰ

ਬੁਢਲਾਡਾ (ਦਵਿੰਦਰ ਸਿੰਘ ਕੋਹਲੀ) ਸਿਵਲ ਸਰਜਨ ਮਾਨਸਾ ਡਾਕਟਰ ਹਰਦੇਵ ਸਿੰਘ ਰਾਏ,ਸੀਨੀਅਰ ਮੈਡੀਕਲ ਅਫਸਰ ਬੁਢਲਾਡਾ ਡਾਕਟਰ ਗੁਰਚੇਤਨ ਪ੍ਰਕਾਸ਼ ਜੀ ਦੇ ਦਿਸ਼ਾ ਨਿਰਦੇਸ਼ਾ ਹੇਠ ਭੂਪਿੰਦਰ ਕੁਮਾਰ ਹੈਲਥ ਸੁਪਰਵਾਈਜ਼ਰ ਦੀ ਅਗਵਾਈ ਹੇਠ ਪਿੰਡ ਬੋਹਾ ਵਿਖੇ ਐਂਟੀ ਮਲੇਰੀਆ ਮੰਥ ਸਬੰਧੀ ਜਾਗਰੂਕਤਾ ਗਤੀਵਿਧੀਆਂ ਕੀਤੀਆਂ ਗਈਆਂ।ਇਸ ਮੌਕੇ ਸਿਹਤ ਸੁਪਰਵਾਈਜ਼ਰ ਭੂਪਿੰਦਰ ਕੁਮਾਰ ਨੇ ਪਿੰਡ ਵਾਸੀਆਂ ਨੂੰ ਮਲੇਰੀਆ ਬੁਖਾਰ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਬੁਖਾਰ ਮਾਦਾ ਐਨੋਫਲੀਜ ਮੱਛਰ ਦੇ ਕੱਟਣ ਨਾਲ ਫੈਲਦਾ ਹੈ, ਜੋ ਕਿ ਸਾਫ਼ ਖੜ੍ਹੇ ਪਾਣੀ ਵਿੱਚ ਪੈਦਾ ਹੁੰਦਾ ਹੈ। ਵਿਅਕਤੀ ਨੂੰ ਤੇਜ਼ ਬੁਖਾਰ ਹੋਣਾ, ਕਾਂਬਾ ਲੱਗਣਾ,ਪਸੀਨਾ ਆਉਣਾ, ਤੇਜ਼ ਸਿਰ ਦਰਦ,ਥਕਾਵਟ ਮਹਿਸੂਸ ਕਰਨਾ ਤੇ ਉਲਟੀ ਆਉਣਾ ਆਦਿ ਮਲੇਰੀਆ ਤੋਂ ਪੀੜਤ ਹੋਣ ਦੇ ਮੁੱਖ ਲੱਛਣ ਹਨ।ਸਿਹਤ ਕਰਮਚਾਰੀ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਜੇਕਰ ਕਿਸੇ ਵਿਅਕਤੀ ਨੂੰ ਉਕਤ ਲੱਛਣ ਦਿਖਾਈ ਦਿੰਦੇ ਹੋਣ ਤਾਂ ਉਸਨੂੰ ਆਪਣੇ ਖੂਨ ਦੀ ਜਾਂਚ ਕਰਵਾਉਣੀ ਚਾਹੀਦੀ ਹੈ। ਮਲੇਰੀਆ ਦੀ ਜਾਂਚ ਤੇ ਇਲਾਜ ਮੁਫਤ ਕੀਤਾ ਜਾਂਦਾ ਹੈ। ਡਰਾਈ ਡੇ ਫਰਾਈ ਡੇ ਤਹਿਤ ਹਰੇਕ ਸ਼ੁੱਕਰਵਾਰ ਨੂੰ ਕੂਲਰ , ਫਰਿਜ ਦੀਆਂ ਟਰੇਆਂ, ਪਾਣੀਆਂ ਵਾਲੀਆਂ ਟੈਂਕੀਆਂ ਹੌਦੀਆ, ਪੰਛੀਆਂ ਦੇ ਪੀਣ ਲਈ ਰੱਖੇ ਗਏ ਕਟੋਰੇ ,ਮਨੀ ਪਲਾਂਟ ਵਾਲੀਆਂ ਬੋਤਲਾਂ,ਦੇਸੀ ਫਲੱਸ਼ ਵਿੱਚ ਰੱਖੇ ਗਏ ਘੜੇ,ਕਬਾੜ ਆਦਿ ਹਨ। ਇਹਨਾਂ ਚੀਜ਼ਾਂ ਦੀ ਸਫਾਈ ਹਫਤੇ ਵਿੱਚ ਇੱਕ ਵਾਰ ਜਰੂਰ ਕਰਨੀ ਚਾਹੀਦੀ ਹੈ ਤਾਂ ਕਿ ਇਹਨਾਂ ਵਿੱਚ ਲਾਰਵਾ ਪੈਦਾ ਨਾ ਹੋ ਸਕੇ।ਇਸ ਤੋਂ ਇਲਾਵਾ ਘਰਾਂ ਦੇ ਆਲੇ ਦੁਆਲੇ ਪਾਣੀ ਦੇ ਟੋਇਆ ਨੂੰ ਭਰ ਦਿੱਤਾ ਜਾਵੇ।ਨਾਲੀਆਂ ਵਿੱਚ ਕਾਲਾ ਮੱਚਿਆ ਹੋਇਆ ਤੇਲ ਪਾਇਆ ਜਾਵੇ।ਇਸ ਤਰ੍ਹਾਂ ਕਰਨ ਨਾਲ ਨਾਲੀਆਂ ਵਿੱਚੋਂ ਲਾਰਵਾ ਨਾਲ ਦੀ ਨਾਲ ਖਤਮ ਹੋ ਜਾਂਦਾ ਹੈ।ਸਰੀਰ ਨੂੰ ਢੱਕਣ ਲਈ ਪੂਰੀ ਬਾਹਵਾਂ ਵਾਲੇ ਕੱਪੜੇ ਪਾਉਣੇ ਚਾਹੀਦੇ ਹਨ ,ਰਾਤ ਨੂੰ ਸੌਣ ਸਮੇਂ ਮੱਛਰਦਾਨੀ ਅਤੇ ਮੱਛਰ ਭਜਾਉਣ ਵਾਲੀਆਂ ਕਰੀਮਾਂ ਦੀ ਵਰਤੋਂ ਕਰਨੀ ਚਾਹੀਦੀ ਹੈ।ਇਸ ਮੌਕੇ ਬੁਖਾਰ ਦੇ ਸ਼ੱਕੀ ਮਰੀਜ਼ਾਂ ਦੇ ਸੈਂਪਲ ਵੀ ਲਏ ਗਏ।
