August 6, 2025
#Punjab

ਪਿੰਡ ਰਾਮਗੜ੍ਹ ਵਿਚ ਹੋਇਆ ਵੱਡਾ ਨੁਕਸਾਨ

ਭਵਾਨੀਗੜ੍ਹ (ਵਿਜੈ ਗਰਗ) ਨੇੜਲੇ ਪਿੰਡ ਰਾਮਗੜ੍ਹ ਦੇ ਖੇਤਾਂ ਵਿੱਚ ਸ਼ਨੀਵਾਰ ਨੂੰ ਅੱਗ ਨੇ ਤਾਂਡਵ ਮਚਾ ਦਿੱਤਾ। ਦੁਪਹਿਰ ਸਮੇਂ ਲੱਗੀ ਅੱਗ ਕਾਰਨ ਦੋ ਦਰਜਨ ਕਿਸਾਨਾਂ ਦਾ ਕਰੀਬ 300-400 ਏਕੜ ਨਾੜ ਤੇ ਇੱਕ ਕਿਸਾਨ ਦੀ ਕਰੀਬ 400-500 ਟਰਾਲੀ ਤੂੜੀ ਸੜ ਕੇ ਸੁਆਹ ਹੋ ਗਈ ਉੱਥੇ ਹੀ ਖੇਤਾਂ ਨੇੜੇ ਬਾੜੇ ’ਚ ਖੜ੍ਹੀਆਂ 50 ਦੇ ਕਰੀਬ ਭੇਡਾਂ-ਬੱਕਰੀਆਂ ਵੀ ਇਸ ਭਿਆਨਕ ਅੱਗ ਦੀ ਲਪੇਟ ਆ ਜਾਣ ਕਾਰਨ ਜਿੰਦਾ ਸੜ ਗਈਆਂ। ਪਿੰਡ ਵਾਸੀਆਂ ਨੇ ਬਿਜਲੀ ਦੀਆਂ ਤਾਰਾਂ ਦੀ ਸਪਾਰਕਿੰਗ ਕਾਰਨ ਅੱਗ ਲੱਗਣ ਦਾ ਖਦਸਾ ਜਾਹਿਰ ਕੀਤਾ ਹੈ। ਘਟਨਾ ਸਬੰਧੀ ਪਿੰਡ ਦੇ ਲੋਕਾਂ ਨੇ ਦੱਸਿਆ ਕਿ ਦੁਪਹਿਰ ਇੱਕ- ਡੇਢ ਵਜੇ ਦੇ ਕਰੀਬ ਕਪਿਆਲ ਨਹਿਰ ਵਾਲੇ ਪੁਲ ਨੇੜਲੇ ਖੇਤਾਂ ਤੋਂ ਸ਼ੁਰੂ ਹੋਈ ਅੱਗ ਉਨ੍ਹਾਂ ਦੇ ਪਿੰਡ ਵੱਲ ਨੂੰ ਵੱਧਦੀ ਚਲੀ ਗਈ ਤੇ ਅੱਗ ਨੇ ਕੁੱਝ ਹੀ ਮਿੰਟਾਂ ’ਚ 20-25 ਕਿਸਾਨਾਂ ਦੇ ਖੇਤਾਂ ਦੇ 300-400 ਏਕੜ ਨਾੜ ਨੂੰ ਜਲਾ ਕੇ ਰਾਖ ਕਰ ਦਿੱਤਾ। ਇਸ ਦੌਰਾਨ ਭਿਆਨਕ ਅੱਗ ਕਾਰਨ 3-4 ਪਾਥੀਆਂ ਵਾਲੇ ਗੁਹਾਰੇ ਤੇ ਪਿੰਡ ਦੀ ਫਿਰਨੀ ਦੇ ਨਾਲ ਗਰੀਬ ਮਜਦੂਰ ਪਰਿਵਾਰ ਨਾਲ ਸਬੰਧਤ ਮਹਿੰਦਰ ਸਿੰਘ ਪੁੱਤਰ ਸਾਧੂ ਸਿੰਘ ਵੱਲੋੰ ਬਣਾਏ ਪਸ਼ੂਆਂ ਦੇ ਵਾੜੇ ’ਚ ਖੜ੍ਹੀਆਂ ਉਸ ਦੀਆਂ 40-45 ਦੇ ਕਰੀਬ ਭੇਡਾਂ-ਬੱਕਰੀਆਂ ਵੀ ਜਿੰਦਾ ਸੜ ਗਈਆਂ। ਇਸੇ ਦੌਰਾਨ ਫੈਲਦੀ ਫੈਲਦੀ ਅੱਗ ਕਿਸਾਨ ਇੰਦਰਜੀਤ ਸਿੰਘ ਦੇ ਪਿੰਡ ਵਿੱਚਕਾਰ ਬਣੇ ਤੂੜੀ ਵਾਲੇ ਸ਼ੈੱਡ ਨੂੰ ਚੜ੍ਹ ਗਈ ਜਿਸ ਕਾਰਨ ਕਿਸਾਨ ਦੀ 400-500 ਟਰਾਲੀ ਦੇ ਕਰੀਬ ਤੂੜੀ ਮੱਚ ਗਈ ਜਿਸ ਨਾਲ ਲੱਖਾਂ ਰੁਪਏ ਦੇ ਨੁਕਸਾਨ ਦਾ ਖਦਸ਼ਾ ਹੈ। ਪਿੰਡ ਵਾਸੀ ਹਰਪਾਲ ਸਿੰਘ ਨੇ ਦੱਸਿਆ ਕਿ ਜਿਵੇੰ ਹੀ ਅੱਗ ਲੱਗਣ ਬਾਰੇ ਪਤਾ ਲੱਗਾ ਤਾਂ ਪਿੰਡ ਵਾਸੀਆਂ ਨੇ ਆਪਣੇ ਪੱਧਰ ’ਤੇ ਟਰੈਕਟਰਾਂ ਜਾਂ ਮੌਕੇ ’ਤੇ ਹੋਰ ਸਾਧਨਾਂ ਰਾਹੀੰ ਅੱਗ ’ਤੇ ਕਾਬੂ ਪਾਉਣ ਦੇ ਯਤਨ ਸ਼ੁਰੂ ਕਰ ਦਿੱਤੇ ਹਾਲਾਂਕਿ ਅੱਗ ਦੀ ਸੂਚਨਾ ਮਿਲਣ ਤੋੰ ਬਾਅਦ ਮੌਕੇ ’ਤੇ ਪਹੁੰਚੀ ਫਾਇਰ ਬ੍ਰਿਗੇਡ ਦੀ ਗੱਡੀ ਨੇ ਇਸ ਭਿਆਨਕ ਅੱਗ ’ਤੇ ਕਾਬੂ ਪਾਇਆ ਪਰੰਤੂ ਉਦੋੰ ਤੱਕ ਕਾਫੀ ਜਿਆਦਾ ਨੁਕਸਾਨ ਹੋ ਚੁੱਕਾ ਸੀ। ਪਿੰਡ ਵਾਸੀਆਂ ਨੇ ਦੱਸਿਆ ਕਿ ਅੱਗ ’ਚ ਪਸ਼ੂ ਸੜ ਜਾਣ ਕਾਰਨ ਗਰੀਬ ਪਸ਼ੂ ਪਾਲਕ ਮਹਿੰਦਰ ਸਿੰਘ ਦਾ 10-12 ਲੱਖ ਰੁਪਏ ਦਾ ਨੁਕਸਾਨ ਹੋ ਗਿਆ। ਕਿਸਾਨਾਂ ਨੇ ਪੰਜਾਬ ਸਰਕਾਰ ਅਤੇ ਜਿਲ੍ਹਾ ਪ੍ਰਸ਼ਾਸਨ ਤੋੰ ਗਰੀਬ ਪਸ਼ੂ ਪਾਲਕ ਅਤੇ ਕਿਸਾਨਾਂ ਦੇ ਹੋਏ ਵੱਡੇ ਨੁਕਸਾਨ ਲਈ ਮੁਆਵਜੇ ਦੀ ਮੰਗ ਕੀਤੀ ਹੈ।

Leave a comment

Your email address will not be published. Required fields are marked *