ਪ੍ਰਾਇਮਰੀ ਸਕੂਲ ਸ਼ਹਿਣਾ ਦਾ ਨਾਮ ਸਾਹਿਤਕਾਰ ਬਲਵੰਤ ਗਾਰਗੀ ਦੇ ਨਾਮ ‘ਤੇ ਰੱਖਣ ਲਈ ਵਿਧਾਇਕ ਉੱਗੋਕੇ ਨੇ ਮੁੱਖ ਮੰਤਰੀ ਦਾ ਕੀਤਾ ਧੰਨਵਾਦ

ਬਰਨਾਲਾ 25 ਜਨਵਰੀ (ਹਰਮਨ) ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਉਤੇ ਸਿੱਖਿਆ ਵਿਭਾਗ ਨੇ ਇਕ ਅਹਿਮ ਫੈਸਲਾ ਲੈਂਦਿਆਂ ਜ਼ਿਲੇ ਬਰਨਾਲਾ ਦੇ ਵਿਧਾਨ ਸਭਾ ਹਲਕਾ ਭਦੌੜ ਦੇ ਪਿੰਡ ਸ਼ਹਿਣਾ ਦੇ ਸਰਕਾਰੀ ਪ੍ਰਾਇਮਰੀ ਸਕੂਲ (ਲੜਕੇ) ਦਾ ਨਾਮ ਸ਼ਹਿਣਾ ਵਿਖੇ ਜਨਮੇ ਉੱਚ ਕੋਟੀ ਦੇ ਸਾਹਿਤਕਾਰ ਬਲਵੰਤ ਗਾਰਗੀ ਦੇ ਨਾਮ ਉੱਤੇ ਰੱਖਿਆ ਹੈ। ਇਸ ਸਬੰਧੀ ਅੱਜ ਬਾਕਾਇਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਇਸ ਕਾਰਜ ਲਈ ਪਿਛਲੇ ਲੰਬੇ ਸਮੇਂ ਯਤਨਸ਼ੀਲ ਹਲਕਾ ਭਦੌੜ ਦੇ ਵਿਧਾਇਕ ਲਾਭ ਸਿੰਘ ਉੱਗੋਕੇ ਨੇ ਇਸ ਸ਼ਲਾਘਾਯੋਗ ਕਾਰਜ ਲਈ ਮਾਣਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦਿਆਂ ਆਸ ਪ੍ਰਗਟਾਈ ਕਿ ਅਜਿਹੇ ਯਤਨਾਂ ਨਾਲ ਆਉਣ ਵਾਲੀਆਂ ਪੀੜੀਆਂ ਨੂੰ ਸਾਹਿਤਕਾਰਾਂ ਬਾਰੇ ਜਾਣਕਾਰੀ ਮਿਲਦੀ ਰਹੇਗੀ। ਵਿਧਾਇਕ ਲਾਭ ਸਿੰਘ ਉੱਗੋਕੇ ਨੇ ਕਿਹਾ ਕਿ ਪਿੰਡ ਸ਼ਹਿਣਾ ਦੇ ਵਾਸੀਆਂ ਅਤੇ ਸਾਹਿਤ ਪ੍ਰੇਮੀਆਂ ਦੀ ਚਿਰੋਕਣੀ ਮੰਗ ਸੀ ਕਿ ਪਿੰਡ ਦੇ ਸਕੂਲ ਦਾ ਨਾਮ ਸਾਹਿਤਕਾਰ ਬਲਵੰਤ ਗਾਰਗੀ ਜੀ ਦੇ ਨਾਮ ਤੇ ਰੱਖਿਆ ਜਾਵੇ ਅਤੇ ਜਦੋਂ ਮੇਰੇ ਵੱਲੋਂ ਇਸ ਸਬੰਧੀ ਮੁੱਖ ਮੰਤਰੀ ਜੀ ਦੇ ਧਿਆਨ ਵਿੱਚ ਲਿਆਂਦਾ ਗਿਆ ਤਾਂ ਉਨ੍ਹਾਂ ਨੇ ਵਾਅਦਾ ਕੀਤਾ ਸੀ ਇਸ ਸਬੰਧੀ ਜਲਦੀ ਹੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਜਾਵੇਗਾ ਅਤੇ ਉਸੇ ਕੜੀ ਤਹਿਤ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਉਹਨਾਂ ਦੱਸਿਆ ਕਿ ਮੰਨੇ ਪ੍ਰਮੰਨੇ ਸਾਹਿਤਕਾਰ ਬਲਵੰਤ ਗਾਰਗੀ ਦੀ ਯਾਦ ਵਿੱਚ ਭਾਸ਼ਾ ਵਿਭਾਗ ਵੱਲੋਂ ਨਵੰਬਰ 2022 ਵਿੱਚ ਉਨ੍ਹਾਂ ਦੇ ਜਨਮ ਅਸਥਾਨ ਸ਼ਹਿਣਾ ਦੀ ਨਹਿਰੀ ਕੋਠੀ ਵਿਖੇ ਪਹਿਲੀ ਵਾਰ ਸਰਕਾਰੀ ਸਮਾਗਮ ਕਰਵਾਇਆ ਗਿਆ ਸੀ ਅਤੇ ਹੁਣ ਸਾਡੀ ਸਰਕਾਰ ਵੱਲੋਂ ਉਨ੍ਹਾਂ ਦੇ ਜਨਮ ਵਾਲੇ ਪਿੰਡ ਦੇ ਸਕੂਲ ਦਾ ਨਾਮ ਉਨ੍ਹਾਂ ਦੇ ਨਾਮ ਉੱਤੇ ਰੱਖਿਆ ਗਿਆ ਹੈ। ਵਿਧਾਇਕ ਲਾਭ ਸਿੰਘ ਉੱਗੋਕੇ ਨੇ ਕਿਹਾ ਕਿ ਸੂਬਾ ਸਰਕਾਰ ਸ਼ਹੀਦਾਂ, ਦੇਸ਼ ਭਗਤਾਂ, ਸਾਹਿਤਕਾਰਾਂ ਤੇ ਖਿਡਾਰੀਆਂ ਦੇ ਮਾਣ-ਸਨਮਾਨ ਲਈ ਵਚਨਬੱਧ ਹੈ।ਸਰਕਾਰ ਵੱਲੋਂ ਸ਼ਹੀਦਾਂ ਤੇ ਸੁਤੰਤਰਤਾ ਸੰਗਰਾਮੀਆਂ ਦੇ ਨਾਮ ਉੱਤੇ ਵੀ ਸਕੂਲਾਂ ਦੇ ਨਾਮ ਰੱਖੇ ਗਏ ਹਨ। ਉਨ੍ਹਾਂ ਕਿਹਾ ਕਿ ਸਾਹਿਤਕਾਰ ਸਾਡਾ ਸਰਮਾਇਆ ਹੈ ਅਤੇ ਉਨ੍ਹਾਂ ਦੇ ਨਾਮ ਉਤੇ ਯਾਦਗਾਰਾਂ ਸਥਾਪਤ ਕਰਨ ਨਾਲ ਹੀ ਆਉਣ ਵਾਲੀ ਪੀੜ੍ਹੀ ਨੂੰ ਅਮੀਰ ਵਿਰਸੇ ਵਿੱਚ ਸਾਹਿਤਕਾਰਾਂ ਦੇ ਯੋਗਦਾਨ ਬਾਰੇ ਪਤਾ ਲੱਗੇਗਾ। ਇਸ ਸਬੰਧੀ ਪਤਾ ਲੱਗਣ ਤੇ ਸਮੁੱਚੇ ਸਹਿਤ ਪ੍ਰੇਮੀਆਂ ਅਤੇ ਹਲਕਾ ਭਦੌੜ ਦੇ ਲੋਕਾਂ ਵੱਲੋਂ ਮਾਣਯੋਗ ਮੁੱਖ ਮੰਤਰੀ ਜੀ ਅਤੇ ਵਿਧਾਇਕ ਲਾਭ ਸਿੰਘ ਉੱਗੋਕੇ ਦਾ ਧੰਨਵਾਦ ਕਰਦਿਆਂ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ।
