ਪ੍ਰਾਣ ਪ੍ਰਤਿਸ਼ਠਾ ਤੋਂ ਬਾਅਦ ਭਾਜਪਾ ਦੇ ਹੱਕ ਵਿੱਚ ਚੱਲੀ ਲਹਿਰ

ਬੁਢਲਾਡਾ 24 ਜਨਵਰੀ (ਅਮਿਤ ਜਿੰਦਲ) ਸ਼੍ਰੀ ਰਾਮ ਲਲਾ ਦੀ ਅਯੋਧਿਆ ਚ ਪ੍ਰਾਣ ਪ੍ਰਤਿਸ਼ਠਾ ਤੋਂ ਬਾਅਦ ਭਾਜਪਾ ਦੇ ਹੱਕ ਵਿੱਚ ਇੱਕ ਲਹਿਰ ਚੱਲ ਪਈ ਹੈ। ਲੋਕ ਵੱਖ ਵੱਖ ਪਾਰਟੀਆਂ ਨੂੰ ਅਲਵਿਦਾ ਕਹਿ ਕੇ ਭਾਜਪਾ ਚ ਸ਼ਾਮਲ ਹੋ ਰਹੇ ਹਨ। ਭਾਰਤੀ ਜਨਤਾ ਪਾਰਟੀ 2024 ਦਾ ਮਿਸ਼ਨ ਫਤਹਿ ਕਰਨ ਲਈ ਬੂਥ ਪੱਧਰ ਤੇ ਕੰਮ ਕਰਨ ਦਾ ਫੈਂਸਲਾ ਕੀਤਾ ਗਿਆ ਹੈ। ਇਹ ਸ਼ਬਦ ਅੱਜ ਇੱਥੇ ਵੱਖ ਵੱਖ ਪਾਰਟੀਆਂ ਤੋਂ ਸ਼ਾਮਲ ਹੋਣ ਵਾਲੇ ਲੋਕਾਂ ਨੂੰ ਸੰਬੋਧਨ ਕਰਦਿਆਂ ਜਿਲ੍ਹਾ ਪ੍ਰਧਾਨ ਰਾਕੇਸ਼ ਜੈਨ ਨੇ ਕਹੇ। ਇਸ ਮੌਕੇ ਅਜੈ ਵਸ਼ਿਸ਼ਟ, ਹੰਸਰਾਜ ਬਾਲੀ, ਸੰਜੀਵ ਆਰਿਆ, ਜਗਮੇਲ ਸ਼ਾਸ਼ਤਰੀ, ਮਹਿੰਦਰਪਾਲ, ਇੰਦਰਸੈਨ ਨੂੰ ਸਰੋਪਾ ਦੇ ਕੇ ਪਾਰਟੀ ਵਿੱਚ ਸ਼ਾਮਲ ਕੀਤਾ ਗਿਆ। ਇਸ ਮੌਕੇ ਬੋਲਦਿਆਂ ਰਾਕੇਸ਼ ਜੈਨ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਵੱਲੋਂ ਲਗਾਤਾਰ ਆਪਣੀਆਂ ਸਿਆਸੀ ਸਰਗਰਮੀਆਂ ਨੂੰ ਤੇਜ ਕਰਦਿਆਂ ਅੱਜ ਪਾਰਟੀ ਨੂੰ ਬਹੁਤ ਵੱਡਾ ਹੁੰਗਾਰਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਨੇ ਪੰਜਾਬ ਦੇ ਲੋਕਾਂ ਨੂੰ ਝੂਠੇ ਲਾਰਿਆਂ ਦੀ ਪੰਡ ਦੇ ਕੇ ਪੰਜਾਬ ਚ ਸੱਤਾ ਤਾਂ ਹਾਸਲ ਕਰ ਲਈ ਪ੍ਰੰਤੂ ਆਪਣੀਆਂ ਗਾਰੰਟੀਆਂ ਤੇ ਖਰਾ ਨਾ ਉਤਰਨ ਕਾਰਨ ਪੰਜਾਬ ਦੇ ਲੋਕ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸ਼ਰੇਆਮ ਲੁੱਟਾ ਖੋਹਾ, ਚੋਰੀਆਂ ਅਤੇ ਨਸ਼ੇ ਦੇ ਵੱਧ ਰਹੇ ਝਾਨ ਨੂੰ ਦੇਖਦਿਆਂ ਲੋਕ ਆਪਣੇ ਆਪ ਨੂੰ ਅਸੁਰਖਿਅਤ ਮਹਿਸੂਸ ਕਰਦੇ ਹਨ। ਦੂਜੇ ਪਾਸੇ ਮੋਦੀ ਸਰਕਾਰ ਵੱਲੋਂ ਲਾਭਪਾਤਰੀ ਸਕੀਮਾਂ ਬਿਨ੍ਹਾਂ ਕਿਸੇ ਭੇਦ ਭਾਵ ਤੋਂ ਦੇ ਕੇ ਹਜਾਰਾਂ ਲੋਕਾਂ ਨੂੰ ਲਾਭ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਨਿੱਧੀ ਯੋਜਨਾ, ਉਜਵਲ ਯੋਜਨਾ, ਆਊਸ਼ਮਨ ਬੀਮਾ ਯੋਜਨਾ, ਆਵਾਸ ਯੋਜਨਾ ਆਦਿ ਕਈ ਯੋਜਨਾਵਾਂ ਤਹਿਤ ਲੋਕਾਂ ਨੂੰ ਲਾਭ ਮਿਲ ਰਿਹਾ ਹੈ। ਇਸ ਮੌਕੇ ਸੂਬੇਦਾਰ ਭੋਲਾ ਸਿੰਘ, ਮੰਡਲ ਪ੍ਰਧਾਨ ਵਿਵੇਕ ਕੁਮਾਰ, ਵੇਦ ਜੈਨ, ਮਨਮੰਦਰ ਸਿੰਘ ਕਲੀਪੁਰ, ਹਰਜੀਤ ਸਿੰਘ ਕਾਲਾ, ਯਸ਼ਪਾਲ ਗਰਗ, ਸਿਮਰਜੀਤ ਕਟੋਦੀਆਂ, ਦਲਜੀਤ ਦਰਸ਼ੀ, ਜਸਪ੍ਰੀਤ ਸਿੰਘ, ਅਸ਼ਵਨੀ ਐਡਵੋਕੇਟ, ਪੁਨੀਤ ਸਿੰਗਲਾ, ਅਸ਼ੋਕ ਕੁਮਾਰ, ਨੇਬੀ ਮਿਸਤਰੀ, ਸੁਰਿੰਦਰ ਕੁਮਾਰ ਤੋਂ ਇਲਾਵਾ ਵੱਡੀ ਗਿਣਤੀ ਭਾਜਪਾ ਵਰਕਰ ਹਾਜਰ ਸਨ।
