August 7, 2025
#National #Punjab

ਬਟਾਲਾ ਵਿਖੇ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ ਗਣਤੰਤਰ ਦਿਵਸ

ਬਟਾਲਾ, 26 ਜਨਵਰੀ (ਲਵਪ੍ਰੀਤ ਸਿੰਘ ਖੁਸ਼ੀਪੁਰ) 75ਵਾਂ ਗਣਤੰਤਰ ਦਿਵਸ ਸਮਾਗਮ ਅੱਜ ਬਟਾਲਾ ਵਿਖੇ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ। ਸਰਕਾਰੀ ਬਹੁ-ਤਕਨੀਕੀ ਕਾਲਜ ਬਟਾਲਾ ਦੇ ਰਾਜੀਵ ਗਾਂਧੀ ਸਟੇਡੀਅਮ ਵਿਖੇ ਗਣਤੰਤਰ ਦਿਵਸ ਸਮਾਗਮ ਦੌਰਾਨ ਕੌਮੀ ਝੰਡਾ ਲਹਿਰਾਉਣ ਦੀ ਰਸਮ ਡਾ. ਸ਼ਾਇਰੀ ਭੰਡਾਰੀ, ਐੱਸ.ਡੀ.ਐੱਮ.-ਕਮ-ਕਮਿਸ਼ਨਰ ਨਗਰ ਨਿਗਮ ਬਟਾਲਾ ਨੇ ਅਦਾ ਕੀਤੀ। ਤਿਰੰਗਾ ਝੰਡਾ ਲਹਿਰਾਉਣ ਤੋਂ ਬਾਅਦ ਮੁੱਖ ਮਹਿਮਾਨ ਡਾ. ਸ਼ਾਇਰੀ ਭੰਡਾਰੀ, ਐਸਡੀਐਮ ਬਟਾਲਾ ਨੇ ਪਰੇਡ ਦਾ ਮੁਆਇਨਾ ਕੀਤਾ। ਉਪਰੰਤ ਐਸ ਆਈ ਗੁਰਮੁੱਖ ਸਿੰਘ ਦੀ ਅਗਵਾਈ ਹੇਠ ਪੰਜਾਬ ਪੁਲਿਸ ਦੇ ਜਵਾਨਾਂ, ਮਹਿਲਾ ਪੁਲਿਸ, ਪੰਜਾਬ ਹੋਮਗਾਰਡ ਦੇ ਜਵਾਨਾਂ ਅਤੇ ਐਨ.ਸੀ.ਸੀ. ਕੈਡਿਟਾਂ ਵੱਲੋਂ ਸ਼ਾਨਦਾਰ ਮਾਰਚ ਪਾਸਟ ਕੀਤਾ ਗਿਆ। ਕੌਮੀ ਝੰਡਾ ਲਹਿਰਾਉਣ ਤੋਂ ਬਾਅਦ ਮੁੱਖ ਮਹਿਮਾਨ ਐੱਸ.ਡੀ.ਐੱਮ. ਬਟਾਲਾ ਡਾ. ਸ਼ਾਇਰੀ ਭੰਡਾਰੀ ਨੇ ਆਪਣੇ ਸੰਦੇਸ਼ ’ਚ ਬਟਾਲਾ ਵਾਸੀਆਂ ਨੂੰ 75ਵੇਂ ਗਣਤੰਤਰ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਮੈਂ ਸਭ ਤੋਂ ਪਹਿਲਾਂ ਉਹਨਾਂ ਸਾਰੇ ਆਜਾਦੀ ਘੁਲਾਟੀਆਂ ਨੂੰ ਨਮਨ ਕਰਦੀ ਹਾਂ, ਜਿੰਨ੍ਹਾਂ ਸਦਕਾ ਸਾਨੂੰ ਇਹ ਦਿਨ ਦੇਖਣ ਦਾ ਸੁਭਾਗ ਪ੍ਰਾਪਤ ਹੋਇਆ। ਉਨ੍ਹਾਂ ਕਿਹਾ ਕਿ 26 ਜਨਵਰੀ 1950 ਭਾਰਤ ਨੂੰ ਪ੍ਰਭੂਸੱਤਾ ਸੰਪੰਨ ਜਮਹੂਰੀ ਗਣਰਾਜ ਐਲਾਨਿਆ ਗਿਆ ਸੀ। ਇਸ ਦਿਨ ਪੂਰਾ ਦੇਸ਼ ਨਿਆਂ ਤੇ ਸਮਾਨਤਾ ਦੀ ਵਿਚਾਰਧਾਰਾ ਉੱਤੇ ਆਧਾਰਿਤ ਆਜਾਦ ਭਾਰਤ ਗਣਤੰਤਰ ਦੀ ਸਥਾਪਨਾ ਦਾ ਜਸ਼ਨ ਮਨਾਉਂਦਾ ਹੈ। ਗਣਤੰਤਰ ਦਿਵਸ ਸਾਡਾ ਕੌਮੀ ਤਿਉਹਾਰ ਹੈ ਅਤੇ ਇਸ ਦਿਨ ਦੇਸ਼ ਦਾ ਆਪਣਾ ਸੰਵਿਧਾਨ ਲਾਗੂ ਹੋਇਆ ਸੀ। ਭਾਰਤ ਦਾ ਸੰਵਿਧਾਨ ਦੇਸ਼ ਨੂੰ ਇੱਕ ਪ੍ਰਭੂਸੱਤਾ ਸੰਪੰਨ, ਸਮਾਜਵਾਦੀ, ਧਰਮ ਨਿਰਪੱਖ ਅਤੇ ਜਮਹੂਰੀ ਗਣਰਾਜ ਘੋਸ਼ਿਤ ਕਰਦਾ ਹੈ, ਇਸ ਦੇ ਨਾਗਰਿਕਾਂ ਨੂੰ ਨਿਆਂ, ਸਮਾਨਤਾ ਅਤੇ ਆਜਾਦੀ ਦਾ ਭਰੋਸਾ ਦਿੰਦਾ ਹੈ ਅਤੇ ਭਾਈਚਾਰਕ ਸਾਂਝ ਨੂੰ ਉਤਸਾਹਿਤ ਕਰਨ ਲਈ ਯਤਨ ਕਰਦਾ ਹੈ। ਭਾਰਤ ਦਾ ਸੰਵਿਧਾਨ ਵਿਆਪਕ ਤੇ ਲਿਖਤੀ ਹੈ ਅਤੇ ਦੇਸ ਦੇ ਲੋਕਾਂ ਨੂੰ ਰਹਿਣ-ਸਹਿਣ, ਭਾਸ਼ਣ, ਸਿੱਖਿਆ, ਯਾਤਰਾ ਤੇ ਧਰਮ ਆਦਿ ਦੀ ਆਜਾਦੀ ਦਿੰਦਾ ਹੈ।
ਉਨ੍ਹਾਂ ਅੱਗੇ ਕਿਹਾ ਕਿ ਭਾਰਤੀ ਸੰਵਿਧਾਨ ਦੀ ਇੱਕ ਹੋਰ ਵਿਸ਼ੇਸਤਾ ਹੈ, ਵੋਟ ਪਾਉਣ ਦਾ ਅਧਿਕਾਰ। 18 ਸਾਲ ਜਾਂ ਉਸ ਤੋਂ ਵੱਧ ਉਮਰ ਦੇ ਹਰੇਕ ਨਾਗਰਿਕ ਨੂੰ ਵੋਟਾਂ ਰਾਹੀਂ ਆਪਣਾ ਪ੍ਰਤੀਨਿਧ ਚੁਣਨ ਦਾ ਅਧਿਕਾਰ ਹੈ। ਇੱਥੇ ਧਰਮ, ਜਾਤ, ਭਾਸਾ, ਸੂਬਾ, ਲਿੰਗ ਆਦਿ ਦੇ ਭੇਦਭਾਵ ਦੇ ਬਿਨਾਂ ਹਰੇਕ ਨਾਗਰਿਕ ਨੂੰ ਵੋਟ ਦਾ ਅਧਿਕਾਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਉਹ ਸ਼ਹੀਦ-ਏ-ਆਜਮ ਸਰਦਾਰ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ, ਸਰਦਾਰ ਕਰਤਾਰ ਸਿੰਘ ਸਰਾਭਾ, ਮਦਨ ਲਾਲ ਢੀਂਗਰਾ, ਲਾਲਾ ਲਾਜਪਤ ਰਾਏ, ਦੀਵਾਨ ਸਿੰਘ ਕਾਲੇਪਾਣੀ, ਸਹੀਦ ਊਧਮ ਸਿੰਘ ਅਤੇ ਹੋਰ ਆਜਾਦੀ ਘੁਲਾਟੀਆਂ ਨੂੰ ਵੀ ਪ੍ਰਣਾਮ ਕਰਦੇ ਹਨ। ਉਨ੍ਹਾਂ ਸੰਬੋਧਨ ਵਿਚ ਅੱਗੇ ਕਿਹਾ ਕਿ ਸਾਡੀ ਧਰਤੀ ਨੂੰ ਇਹ ਵੀ ਮਾਣ ਹਾਸਿਲ ਹੈ ਕਿ ਪੰਜਾਬ ਦੇ ਲੋਕਾਂ ਨੇ ਦੇਸ਼ ਦੇ ਆਜਾਦੀ ਸੰਘਰਸ ਦੌਰਾਨ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਤੇ ਕਾਲੇ ਪਾਣੀ ਦੀਆਂ ਸਜਾਵਾਂ ਕੱਟੀਆਂ। ਅੱਜ ਦੇ ਦਿਨ ਮੈਂ, ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਵਿਚ ਲੱਗੀਆਂ ਸੈਨਾਵਾਂ ਦੇ ਜਵਾਨਾਂ ਵਲੋਂ ਦਿੱਤੀਆਂ ਕੁਰਬਾਨੀਆਂ ਨੂੰ ਵੀ ਯਾਦ ਕਰਦੀ ਹਾਂ, ਜਿਨ੍ਹਾਂ ਕਰਕੇ ਅਸੀਂ ਆਰਾਮ ਦੀ ਨੀਂਦ ਸੌਂਦੇ ਹਾਂ। ਉਨਾਂ ਕਿਹਾ ਕਿ ਇਸ ਦਿਨ ਨੂੰ ਤਿਉਹਾਰ ਦੀ ਤਰ੍ਹਾਂ ਮਨਾਉਣਾ ਉਹਨਾਂ ਕੀਮਤੀ ਜਾਨਾਂ ਨੂੰ ਇੱਕ ਸਰਧਾਂਜਲੀ ਹੈ, ਜਿੰਨਾਂ ਨੇ ਇਸ ਦੇਸ ਲਈ ਆਪਣੀ ਜਾਨ ਦੀ ਵਾਰ ਦਿੱਤੀ। ਇਹ ਦਿਨ ਸਾਡੀ ਹਿੰਮਤ, ਸਾਡੇ ਹੌਸਲੇ ਅਤੇ ਸਾਡੀ ਜਿੱਤ ਦਾ ਪ੍ਰਤੀਕ ਹੈ। ਇਸ ਦਿਨ ਨੂੰ ਮਨਾਉਣਾ ਸਾਡੇ ਬੱਚਿਆਂ, ਜਵਾਨਾਂ ਅਤੇ ਬਜੁਰਗਾਂ ਵਿੱਚ ਇਕ ਆਸ ਜਗਾਉਂਦਾ ਹੈ ਤੇ ਇਕ ਦਿ੍ਰੜ ਨਿਸ਼ਚਾ ਪੈਦਾ ਹੈ। ਆਜਦੀ ਦੀ ਲੜਾਈ ਨੇ ਨਾ ਸਿਰਫ ਸਾਨੂੰ ਪ੍ਰਭੂਸੱਤਾ ਦਿੱਤੀ ਸਗੋਂ ਦੁਨੀਆਂ ਨੂੰ ਸਭ ਤੋਂ ਵੱਡੀ ਲੋਕਤੰਤਰੀ ਵਿਵਸਥਾ ਦਿੱਤੀ, ਜਿਸਦੀ ਮਿਸਾਲ ਕਿਤੇ ਹੋਰ ਨਹੀਂ ਮਿਲਦੀ। ਇਸੇ ਵਿਵਸਥਾ ਕਰਕੇ ਹੀ ਅਨੇਕਾਂ ਨਸਲਾਂ, ਧਰਮਾਂ ਦੇ ਸੱਭਿਆਚਾਰਕ ਵਖਰੇਵਿਆਂ ਦੇ ਬਾਵਜੂਦ ਸਾਰਾ ਦੇਸ਼ ਇਕ ਮਾਲਾ ਵਾਂਗ ਪਰੋਇਆ ਹੋਇਆ ਹੈ।
ਆਖਰ ਵਿਚ ਮੈਂ ਇਕ ਵਾਰ ਫਿਰ ਅੱਜ ਦੇ ਇਸ ਸੁੱਭ ਦਿਹਾੜੇ ਮੌਕੇ ਸ਼ਹੀਦਾਂ ਨੂੰ ਨਮਨ ਕਰਦੀ ਹਾਂ ਤੇ ਆਪ ਸਭ ਨੂੰ ਸੱਦਾ ਦਿੰਦੀ ਹਾਂ ਕਿ ਆਓ ਸਾਰੇ ਮਿਲਕੇ ਦੇਸ਼ ਵਿਚੋਂ ਗਰੀਬੀ, ਬੇਰੁਜਗਾਰੀ, ਭੇਦਭਾਵ, ਸਮਾਜਿਕ ਬੁਰਾਈਆਂ ਦੇ ਖਾਤਮੇ ਲਈ ਹੰਭਲਾ ਮਾਰੀਏ। ਇਹੀ ਦੇਸ਼ ਦੇ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਜੈ ਹਿੰਦ। ਇਸ ਮੌਕੇ ਗਣਤੰਤਰ ਦਿਵਸ ਸਮਾਗਮ ਦੌਰਾਨ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਦੇਸ਼ ਭਗਤੀ ਤੇ ਆਧਾਰਿਤ ਖੂਬਸੂਰਤ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਉਪਰੰਤ ਪਰੇਡ, ਸੱਭਿਆਚਾਰਕ ਟੀਮਾਂ ਤੇ ਵੱਖ-ਵੱਖ ਖੇਤਰਾਂ ਵਿੱਚ ਉਪਲੱਬਧੀਆਂ ਹਾਸਲ ਕਰਨ ਵਾਲੀਆਂ ਸਖਸ਼ੀਅਤਾਂ ਨੂੰ ਮੁੱਖ ਮਹਿਮਾਨ ਵਲੋਂ ਸਨਾਮਨਿਤ ਕੀਤਾ ਗਿਆ। ਇਸ ਮੌਕੇ ਆਜਾਦੀ ਘੁਲਾਟੀਆਂ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਮਾਗਮ ਦੇ ਮੁੱਖ ਮਹਿਮਾਨ ਡਾ. ਸ਼ਾਇਰੀ ਭੰਡਾਰੀ ਨੂੰ ਵੀ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਐਸ.ਡੀ.ਐਮ ਦਫਤਰ ਬਟਾਲਾ ਵਲੋਂ ਬੱਚਿਆਂ ਨੂੰ ਰਿਫਰੈਸ਼ਮੈਂਟ ਦਿੱਤੀ ਗਈ ਅਤੇ ਸਹਾਰਾ ਕਲੱਬ ਬਟਾਲਾ ਵਲੋਂ ਵੀ ਚਾਹ ਤੇ ਕਾਫੀ ਵਰਤਾਈ ਗਈ। ਇਸ ਮੌਕੇ ਹੋਰਨਾ ਤੋਂ ਇਲਾਵਾ ਬਟਾਲਾ ਦੇ ਮਾਣਯੋਗ ਜੱਜ, ਸ੍ਰੀਮਤੀ ਵਿਨੀਤਾ ਲੂਥਰਾ ਸੀਨੀਅਰ ਡਵੀਜਨ, ਮੈਡਮ ਪ੍ਰਭਜੋਤ ਕੋਰ, ਸ੍ਰੀਮਤੀ ਰੀਟਾ ਹੰਸ, ਮੈਡਮ ਅਮਨਦੀਪ ਕੌਰ ਰਾਠੌਰ, ਸ੍ਰੀ ਰਜਿੰਦਰ ਸਿੰਘ, ਸ੍ਰੀ ਹਰਜਿੰਦਰ ਸਿੰਘ, ਸ੍ਰੀ ਮਨਦੀਪ ਸਿੰਘ, ਸ੍ਰੀ ਕੁਨਾਲ ਲਾਂਬਾ, ਸ੍ਰੀ ਮਨਦੀਪ ਸਿੰਘ ਅਤੇ ਮਨਪ੍ਰੀਤ ਸਿੰਘ (ਮਾਣਯੋਗ ਜੱਜ ਸਾਹਿਬਾਨ), ਅਭਿਸ਼ੇਕ ਵਰਮਾ ਤਹਿਸੀਲਦਾਰ ਬਟਾਲਾ, ਐੱਸ.ਪੀ. ਹੈੱਡ-ਕੁਆਟਰ ਜਗਬਿੰਦਰ ਸਿੰਘ,ਨਾਇਬ ਤਹਿਸੀਲਦਾਰ ਸਤੀਸ਼ ਕੁਮਾਰ,ਨਾਇਬ ਤਹਿਸੀਲਦਾਰ ਰੁਪਿੰਦਰ ਕੌਰ, ਕਰਨਲ ਬੁਚਾਰ ਮਾਗੋ, ਸੂਬੇਦਾਰ ਜਗਜੀਤ ਸਿੰਘ, ਡੀ.ਐੱਸ.ਪੀ. ਲਲਿਤ ਕੁਮਾਰ, ਚੇਅਰਮੈਨ ਨਰੇਸ਼ ਗੋਇਲ, ਸੇਵਾਮੁਕਤ ਪਿ੍ੰਸੀਪਲ ਸੁਲੱਖਣ ਸਿੰਘ ਗੁਰਾਇਆ, ਪ੍ਰਧਾਨ ਫਰੀਡਮ ਫਾਈਟਰ ਐਸ਼ੋਸੀਏਸ਼ਨ, ਰਾਕੇਸ਼ ਤੁਲੀ ਸਿਟੀ ਪ੍ਰਧਾਨ ਆਪ ਪਾਰਟੀ, ਐਡਵੋਕੇਟ ਭਾਰਤ ਅਗਰਵਾਲ, ਮਾਸਟਰ ਜੋਗਿੰਦਰ ਸਿੰਘ ਅੱਚਲੀ ਗੇਟ, ਗਿਆਨੀ ਭੁਪਿੰਦਰ ਸਿੰਘ ਕਾਲੜਾ, ਰਜੀਵ ਵਿੱਗ, ਗੁਰਜੀਤ ਸਿੰਘ,ਸਾਹਿਬ ਸਿੰਘ, ਸੁਪਰਡੈਂਟ ਸੁੰਦਰ ਦਾਸ, ਸ਼ਸੀ ਭੂਸਨ ਵਰਮਾ,ਰਾਜਵਿੰਦਰ ਸਿੰਘ, ਜਤਿੰਦਰ ਕੱਦ, ਲੈਕਚਰਾਰ ਜਸਬੀਰ ਸਿੰਘ, ਡਾ. ਸਤਿੰਦਰਜੀਤ ਕੋਰ, ਮੈਡਮ ਰੀਟਾ ਭਾਟੀਆ, ਲੈਕਚਰਾਰ ਜਸਬੀਰ ਸਿੰਘ, ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ।

Leave a comment

Your email address will not be published. Required fields are marked *