ਬੈਂਕ ਦਾ ਏ.ਟੀ.ਐਮ. ਭੰਨ ਰਹੇ ਨੌਜਵਾਨ ਨੂੰ ਲੋਕਾਂ ਨੇ ਕੀਤਾ ਕਾਬੂ

ਸ਼ਾਹਕੋਟ/ਮਲਸੀਆ (ਬਿੰਦਰ ਕੁਮਾਰ)ਸ਼ਾਹਕੋਟ ਵਿਖੇ ਦੇਰ ਰਾਤ ਕੇਨਰਾ ਬੈਂਕ ਦੇ ਏ.ਟੀ.ਐਮ. ਦੀ ਭੰਨ-ਤੋੜ ਕਰ ਰਹੇ 2 ਨੌਜਵਾਨਾਂ ’ਚੋਂ ਇੱਕ ਨੂੰ ਲੋਕਾਂ ਵਲੋਂ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ। ਕੇਨਰਾ ਬੈਂਕ ਦੇ ਮੈਨੇਜਰ ਕੰਚਨ ਸ਼ਰਮਾ ਨੇ ਦੱਸਿਆ ਕਿ ਰਾਤ ਕਰੀਬ 9.05 ਵਜੇ ਮੈਨੂੰ ਫੋਨ ਰਾਹੀਂ ਕਿਸੇ ਨੇ ਦੱਸਿਆ ਕਿ ਕੁੱਝ ਵਿਅਕਤੀ ਏ.ਟੀ.ਐਮ. ਵਾਲੇ ਕੈਬਿਨ ’ਚ ਵੜੇ ਹੋਏ ਹਨ ਤੇ ਮਸ਼ੀਨ ਤੋੜਨ ਦੀ ਕੋਸ਼ਿਸ਼ ਕਰ ਰਹੇ ਹਨ। ਜਦੋਂ ਮੈਂ ਮੌਕੇ ’ਤੇ ਪਹੁੰਚੀ ਤਾਂ ਲੋਕਾਂ ਵਲੋਂ ਇੱਕ ਨੌਜਵਾਨ ਨੂੰ ਕਾਬੂ ਕੀਤਾ ਹੋਇਆ ਸੀ। ਕਾਬੂ ਕੀਤੇ ਨੌਜਵਾਨ ਦੀ ਪਹਿਚਾਣ ਅਲੀ ਪੁੱਤਰ ਜਸਵੰਤ ਸਿੰਘ ਵਾਸੀ ਪਿੰਡ ਕੋਟਲਾ ਸੂਰਜ ਮੱਲ (ਸ਼ਾਹਕੋਟ) ਵਜੋਂ ਹੋਈ ਹੈ। ਉਸ ਨੌਜਵਾਨ ਨੇ ਦੱਸਿਆ ਕਿ ਮੇਰੇ ਨਾਲ ਕਰਨ ਨਾਮ ਦਾ ਲੜਕਾ ਸੀ, ਜੋ ਮੌਕੇ ਤੋਂ ਭੱਜ ਗਿਆ ਹੈ। ਮੌਕੇ ’ਤੇ ਪੁੱਜੇ ਜਾਂਚ ਅਧਿਕਾਰੀ ਏ.ਐਸ.ਆਈ. ਸੁਲਿੰਦਰ ਸਿੰਘ ਨੇ ਉੱਕਤ ਨੌਜਵਾਨ ਨੂੰ ਗਿ੍ਰਫ਼ਤਾਰ ਕਰ ਲਿਆ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਨੂੰ ਬੈਂਕ ਮੈਨੇਜਰ ਵਲੋਂ ਦਰਖਾਸਤ ਪ੍ਰਾਪਤ ਹੋਈ ਹੈ ਅਤੇ ਪੁਲਿਸ ਵਲੋਂ ਗੰਭੀਰਤਾ ਨਾਲ ਜਾਂਚ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ।
