August 7, 2025
#National

ਬੱਚਿਆਂ ਨੂੰ ਦਸਤ ਤੋਂ ਬਚਾਅ ਲਈ ਓ.ਆਰ.ਐੱਸ ਤੇ ਜ਼ਿੰਕ ਲਾਹੇਵੰਦ – ਡਾ. ਵਿਨੋਦ ਕੁਮਾਰ

ਭਵਾਨੀਗੜ੍ਹ (ਵਿਜੈ ਗਰਗ)ਸਿਵਲ ਸਰਜਨ ਡਾ. ਕਿਰਪਾਲ ਸਿੰਘ ਦੀ ਯੋਗ ਰਹਿਨੁਮਾਈ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਵਿਨੋਦ ਕੁਮਾਰ ਦੀ ਅਗਵਾਈ ਹੇਠ ਸਿਹਤ ਬਲਾਕ ਭਵਾਨੀਗੜ੍ਹ ਅਧੀਨ ਰਾਸ਼ਟਰੀ ਦਸਤ ਰੋਕੂ ਮੁਹਿੰਮ ਸ਼ੁਰੂ ਕੀਤੀ ਗਈ ਹੈ। ਦਸਤ ਰੋਕੂ ਮੁਹਿੰਮ ਨੂੰ ਸਫਤਲਾਪੂਰਵਕ ਨੇਪਰੇ ਚਾੜ੍ਹਨ ਲਈ ਸਬੰਧਤ ਸਟਾਫ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ। ਡਾ. ਵਿਨੋਦ ਕੁਮਾਰ ਨੇ ਕਿਹਾ ਕਿ ਰੱਖਿਆ, ਰੋਕਥਾਮ ਤੇ ਉਪਚਾਰ ਨਾਲ ਬੱਚਿਆਂ ਨੂੰ ਦਸਤ ਤੋਂ ਬਚਾਇਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ 1 ਜੁਲਾਈ ਤੋਂ 31 ਅਗਸਤ 2024 ਤੱਕ ਰਾਸ਼ਟਰੀ ਦਸਤ ਰੋਕੂ ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੁਹਿੰਮ ਦਾ ਮੁੱਖ ਮੰਤਵ ਪੰਜ ਸਾਲ ਤੱਕ ਦੇ ਬੱਚਿਆਂ ਦੀ ਮੌਤ ਦਰ ਨੂੰ ਘਟਾਉਣਾ ਹੈ ਅਤੇ ਡਾਇਰੀਆ ਨਾਲ ਹੋਣ ਵਾਲੀਆਂ ਮੌਤਾ ਦੀ ਗਿਣਤੀ ਨੂੰ ਜ਼ੀਰੋ ਤੇ ਲਿਆਉਣਾ ਹੈ। ਉਨ੍ਹਾਂ ਦੱਸਿਆ ਕਿ ਇਹ ਮੁਹਿੰਮ“ਡਾਇਰੀਆ ਦੀ ਰੋਕਥਾਮ, ਸਾਫ-ਸਫਾਈ ਅਤੇ ਓਆਰਐੱਸ ਨਾਲ ਰੱਖੋ ਆਪਣਾ ਧਿਆਨ’’ ਸਲੋਗਨ ਨਾਲ ਚਲਾਈ ਜਾ ਰਹੀ ਹੈ। ਇਸ ਮੁਹਿੰਮ ਦੌਰਾਨ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਦੋ-ਦੋ ਓ ਆਰ ਐੱਸ ਦੇ ਪੈਕਟ ਤੇ 14-14 ਜਿੰਕ ਦੀਆਂ ਗੋਲੀਆਂ ਵੰਡੀਆਂ ਜਾਣਗੀਆਂ। ਇਸਦੇ ਨਾਲ ਹੀ ਆਮ ਲੋਕਾਂ ਨੂੰ ਓ ਆਰ ਐੱਸ ਘੋਲ ਤਿਆਰ ਕਰਨ ਦੀ ਵਿਧੀ ਵੀ ਸਿਖਾਈ ਜਾਵੇਗੀ। ਸਿਹਤ ਕੇੰਦਰਾਂ ਤੇ ਆਂਗਨਵਾੜੀ ਸੈਂਟਰਾਂ ਵਿਚ ਓ ਆਰ ਐੱਸ ਤੇ ਜਿੰਕ ਕਾਰਨਰ ਸਥਾਪਤ ਕੀਤੇ ਗਏ ਹਨ। ਡਾ. ਵਿਨੋਦ ਕੁਮਾਰ ਨੇ ਦੱਸਿਆ ਕਿ ਦਸਤ ਦੇਸ਼ ਵਿਚ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਸਿਹਤ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ।।ਸਾਡੇ ਦੇਸ਼ ਵਿਚ ਹਰ ਸਾਲ ਲੱਖਾਂ ਬੱਚਿਆਂ ਦੀ ਦਸਤ ਕਾਰਨ ਮੌਤ ਹੋ ਜਾਂਦੀ ਹੈ। ਇਹ ਵੀ ਵੇਖਿਆ ਗਿਆ ਹੈ ਕਿ 5 ਸਾਲ ਤੋਂ ਘੱਟ ਉਮਰ ਦੇ ਹਰ ਬੱਚੇ ਨੂੰ ਸਾਲ ਵਿਚ ਘੱਟੋ ਘੱਟ 2-3 ਵਾਰ ਦਸਤ ਤੋਂ ਪੀੜਤ ਹੋਣ ਦੀ ਸੰਭਾਵਨਾ ਹੁੰਦੀ ਹੈ। ਅਸੀਂ ਰਾਸ਼ਟਰੀ ਦਸਤ ਰੋਕੂ ਅਭਿਆਨ ਤਹਿਤ ਜਾਗਰੂਕਤਾ ਫੈਲਾ ਕੇ ਦਸਤ ਕਾਰਨ ਹੋਣ ਵਾਲੀਆਂ ਬੱਚਿਆਂ ਦੀਆਂ ਮੌਤਾਂ ਨੂੰ ਘਟਾ ਸਕਦੇ ਹਾਂ। ਗੁਰਵਿੰਦਰ ਸਿੰਘ ਬਲਾਕ ਐਜੂਕੇਟਰ ਨੇ ਦੱਸਿਆ ਕਿ ਸਾਫ਼ ਸਫਾਈ ਰੱਖਣਾ ਦਸਤਾਂ ਦੀ ਬਿਮਾਰੀ ਦੀ ਰੋਕਥਾਮ ਲਈ ਸਹਾਈ ਹੁੰਦਾ ਹੈ। ਉਨ੍ਹਾਂ ਕਿਹਾ ਕਿ ਖਾਣਾ ਖਾਣ ਤੋਂ ਪਹਿਲਾਂ, ਮਲ ਤਿਆਗ ਕਰਨ ਤੋਂ ਬਾਅਦ, ਖਾਣਾ ਬਣਾਉਣ ਤੇ ਖਾਣਾ ਪਰੋਸਣ ਤੋਂ ਪਹਿਲਾਂ, ਜਾਨਵਰਾਂ ਜਾਂ ਕੂੜੇ ਕਰਕਟ ਨੂੰ ਛੋਹਣ ਤੋਂ ਬਾਅਦ, ਬੱਚੇ ਦਾ ਮਲ ਤਿਆਗ ਸਾਫ਼ ਕਰਨ ਤੋਂ ਬਾਅਦ ਹੱਥਾਂ ਨੂੰ ਸਾਬਣ ਅਤੇ ਪਾਣੀ ਨਾਲ ਚੰਗੀ ਤਰ੍ਹਾਂ ਧੋਣਾ ਚਾਹੀਦਾ ਹੈ। 6 ਮਹੀਨੇ ਦੀ ਉਮਰ ਤੱਕ ਬੱਚੇ ਨੂੰ ਸਿਰਫ ਮਾਂ ਦਾ ਦੁੱਧ ਹੀ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਬਾਜ਼ਾਰ ਦੀਆਂ ਖੁੱਲ੍ਹੀਆਂ ਤੇ ਅਣਢਕੀਆਂ ਚੀਜ਼ਾਂ ਖਾਣ ਤੋਂ ਪਰਹੇਜ਼ ਕੀਤਾ ਜਾਵੇ।
ਇਸ ਮੌਕੇ ਬਲਜੀਤ ਕੌਰ, ਰਣਜੀਤ ਕੌਰ, ਨੇਹਾ ਸ਼ਰਮਾ, ਜਗਵੰਤ ਕੌਰ, ਨਰਸਿੰਗ ਵਿਦਿਆਰਥੀ ਤੋਂ ਇਲਾਵਾ ਆਸ਼ਾ ਹਾਜ਼ਰ ਸਨ।

Leave a comment

Your email address will not be published. Required fields are marked *