ਭਾਜਪਾ ਨੂੰ ਹਰਾਉਣ ਲਈ ਕਾਂਗਰਸ ਸੰਜੀਦਾ ਹੋਵੇ – ਅਰਸ਼ੀ

ਬੁਢਲਾਡਾ (ਦਵਿੰਦਰ ਸਿੰਘ ਕੋਹਲੀ) ਦੇਸ਼ ਨੂੰ ਆਰਥਿਕ, ਸਮਾਜਿਕ ਅਤੇ ਰਾਜਨੀਤਿਕ ਤਬਾਹ -ਬਰਬਾਦ ਕਰਨ ਵਾਲੀ ਤੇ ਸੰਵਧਾਨਿਕ ਕਦਰਾਂ- ਕੀਮਤਾਂ ਨੂੰ ਕੁਚਲਣ ਫਿਰਕੂ ਫਾਸ਼ੀਵਾਦੀ ਭਾਜਪਾ ਨੂੰ ਹਰਾਉਣਾ ਸਮੇਂ ਦੀ ਮੁੱਖ ਲੋੜ ਹੈ। ਉਕਤ ਸ਼ਬਦਾਂ ਦਾ ਪ੍ਰਗਟਾਵਾ ਸੀ.ਪੀ.ਆਈ ਦੇ ਕੌਮੀ ਕੌਂਸਲ ਦੇ ਮੈਂਬਰ ਅਤੇ ਸਾਬਕਾ ਵਿਧਾਇਕ ਹਰਦੇਵ ਸਿੰਘ ਅਰਸ਼ੀ ਨੇ ਬੁਢਲਾਡਾ ਪਾਰਟੀ ਦਫ਼ਤਰ ਵਿਖੇ ਵਰਕਰਾਂ ਦੀ ਭਰਵੀਂ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕੀਤਾ। ਮੀਟਿੰਗ ਦੀ ਪ੍ਰਧਾਨਗੀ ਕਾਮਰੇਡ ਕਿੱਕਰ ਸਿੰਘ ਬਛੁਆਣਾ ਵੱਲੋਂ ਕੀਤੀ ਗਈ। ਕਮਿਊਨਿਸਟ ਆਗੂ ਨੇ ਅੱਗੇ ਕਿਹਾ ਕਿ ਇੰਡੀਆ ਗਠਜੋੜ ਦੀ ਸਭ ਤੋਂ ਵੱਡੀ ਧਿਰ ਕਾਂਗਰਸ ਹੈ,ਇਸ ਲਈ ਇੰਡੀਆ ਗਠਜੋੜ ਨੂੰ ਵਿਸ਼ਾਲ ਤੇ ਮਜ਼ਬੂਤ ਕਰਨ ਦੀ ਜਿੰਮੇਵਾਰੀ ਵੀ ਉਸਦੀ ਹੀ ਹੈ। ਕਾਮਰੇਡ ਅਰਸ਼ੀ ਨੇ ਕਿਹਾ ਕਿ ਕੁਝ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਤੋਂ ਸਿੱਖਣਾ ਚਾਹੀਦਾ ਹੈ,ਜੇਕਰ ਓਥੇ ਸਾਰੀਆ ਇੰਡੀਆ ਦੀਆ ਧਿਰਾ ਨੂੰ ਨਾਲ ਲੈਕੇ ਚੱਲਿਆ ਹੁੰਦਾ ਤਾਂ ਕਾਂਗਰਸ ਦੀ ਨਮੋਸ਼ੀਜਨਕ ਹਾਰ ਤੋਂ ਬਚਿਆ ਜਾ ਸਕਦਾ ਸੀ । ਅੰਤ ਵਿੱਚ ਕਮਿਊਨਿਸਟ ਆਗੂ ਨੇ ਪੰਜਾਬ ਦੀ ਕਾਂਗਰਸ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਇੰਡੀਆ ਗਠਜੋੜ ਦੀਆਂ ਧਿਰਾਂ ਨੂੰ ਨਾਲ ਲੈ ਕੇ ਚੱਲਣ ਲਈ ਗੰਭੀਰ ਯਤਨ ਕਰੇ। ਸੀ.ਪੀ.ਆਈ ਦੇ ਬਲਾਕ ਸਕੱਤਰ ਕਾਮਰੇਡ ਵੇਦ ਪ੍ਰਕਾਸ਼ ਤੇ ਜ਼ਿਲਾ ਮੀਤ ਸਕੱਤਰ ਸੀਤਾਰਾਮ ਗੋਬਿੰਦਪੁਰਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ 14 ਮਾਰਚ ਦਿੱਲੀ ਦੀ ਮਹਾ – ਕਿਸਾਨ ਪੰਚਾਇਤ ਵਿੱਚ ਬੁਢਲਾਡਾ ਹਲਕੇ ਤੋਂ ਸੈਂਕੜੇ ਕਿਸਾਨ ਸ਼ਾਮਿਲ ਹੋਣਗੇ। ਮੀਟਿੰਗ ਨੇ ਫੈਸਲਾ ਕੀਤਾ ਕਿ 19 ਮਾਰਚ ਨੂੰ ਮੁਜ਼ਾਰਾ ਲਹਿਰ ਦੇ ਸ਼ਹੀਦਾਂ ਦੀ ਯਾਦ ਵਿੱਚ ਪਿੰਡ ਕਿਸ਼ਨਗੜ੍ਹ ਵਿਖੇ ਹੋ ਰਹੀ ਸ਼ਹੀਦੀ ਕਾਨਫਰੰਸ ਵਿੱਚ ਜੱਥੇ ਬੰਨ੍ਹ ਕੇ ਸ਼ਾਮਿਲ ਹੋਣਗੇ । ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਕਾਮਰੇਡ ਚਿਮਨ ਲਾਲ ਕਾਕਾ ,ਹਰਮੀਤ ਸਿੰਘ ਬੋੜਾਵਾਲ,ਰਾਜਵਿੰਦਰ ਸਿੰਘ ਚੱਕ ਭਾਈ ਕੇ,ਮੱਖਣ ਸਿੰਘ ਰੰਘੜਿਆਲ , ਸੁਲੱਖਣ ਸਿੰਘ ਕਾਣਗੜ੍ਹ, ਮਲਕੀਤ ਸਿੰਘ ਬਖਸ਼ੀਵਾਲਾ ,ਹਾਕਮ ਸਿੰਘ ਕਣਕਵਾਲ, ਬੰਬੂ ਸਿੰਘ ,ਹਰਦਿਆਲ ਸਿੰਘ ,ਮਨਜੀਤ ਕੌਰ,ਭੁਪਿੰਦਰ ਸਿੰਘ ਤੇ ਸੁਖਦੇਵ ਸਿੰਘ ਬੋੜਾਵਾਲ ਨੇ ਸੰਬੋਧਨ ਕੀਤਾ।
