ਭਾਜਪਾ ਸਰਕਾਰ ਖਿਲਾਫ ਕਿਸਾਨਾਂ ਨੇ ਕੀਤਾ ਰੇਲਾਂ ਦਾ ਚੱਕਾ ਜਾਮ

ਬੁਢਲਾਡਾ (ਅਮਿਤ ਜਿੰਦਲ) ਖੇਤੀ ਕਾਨੂੰਨਾਂ ਖਿਲਾਫ ਸੰਘਰਸ਼ ਦੌਰਾਨ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨੂੰ ਮੰਗਾਂ ਸੰਬੰਧੀ ਦਿੱਤੇ ਭਰੋਸੇ ਤੋਂ ਬਾਅਦ ਮੰਗਾਂ ਮਨਵਾਉਣ ਲਈ ਭਾਰਤ ਬੰਦ ਦੇ ਸੱਦੇ ਤੇ ਕੇਂਦਰ ਸਰਕਾਰ ਅਤੇ ਹਰਿਆਣੇ ਦੀ ਭਾਜਪਾ ਸਰਕਾਰ ਖਿਲਾਫ ਰੇਲਾਂ ਦਾ ਚੱਕਾ ਜਾਮ ਕਰਦਿਆਂ ਰੇਲਵੇ ਸਟੇਸ਼ਨ ਤੇ ਧਰਨਾ ਦੇ ਕੇ ਨਾਅਰੇਬਾਜੀ ਕੀਤੀ ਗਈ। ਇਸ ਮੌਕੇ ਤੇ ਵੱਖ ਵੱਖ ਕਿਸਾਨ ਜੱਥੇਬੰਦੀਆਂ ਦੇ ਆਗੂਆਂ ਨੇ ਸੰਘਰਸ਼ ਦੌਰਾਨ ਹਰਿਆਣਾ ਸਰਕਾਰ ਵੱਲੋਂ ਕੀਤੀ ਗਈ ਧੱਕੇਸ਼ਾਹੀ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਿਆ ਕੀਤੀ ਗਈ। ਦੂਸਰੇ ਪਾਸੇ ਹਰਿਆਣੇ ਦੀ ਸਰਕਾਰ ਵੱਲੋਂ ਪੰਜਾਬ ਨਾਲ ਲੱਗਦੇ ਹਰਿਆਣਾ ਬਾਰਡਰ ਦੇ ਪਹਿਲਾ ਰੋਜਾਵਾਲੀ ਪੁੱਲ (ਬੋਹਾ) ਤੇ ਪੱਕੀ ਬੈਰੀਗੇਟ ਕਰਕੇ ਕਿਸਾਨਾਂ ਨੂੰ ਰੋਕਿਆ ਜਾ ਰਿਹਾ ਹੈ। ਉਥੇ ਬੋਹਾ ਸਮੇਤ ਹਰਿਆਣੇ ਨਾਲ ਲੱਗਦੇ 40 ਪਿੰਡਾਂ ਚ ਇੰਟਰਨੈਟ ਸੇਵਾਵਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਜਦ ਕਿ ਏਅਰਟੈਲ ਦਾ ਨੈਟਵਰਕ ਕੁਝ ਪਿੰਡਾਂ ਚ ਸਿਗਨਲ ਦੇ ਰਿਹਾ ਹੈ। ਜਿਸ ਕਾਰਨ ਸਰਹੱਦ ਸੀਲ ਦੌਰਾਨ ਜਿੱਥੇ ਲੋਕਾਂ ਦਾ ਕਾਰੋਬਾਰ ਪ੍ਰਭਾਵਿੱਤ ਹੋਇਆ ਹੈ ਉਥੇ ਪੰਜਾਬ ਦਾ ਹਰਿਆਣੇ ਅਤੇ ਦਿੱਲੀ ਨਾਲੋ ਸੰਪਰਕ ਟੁੱਟ ਗਿਆ ਹੈ ਉਥੇ ਆਵਾਜਾਈ ਠੱਪ ਹੋਣ ਕਾਰਨ ਲੋਕਾਂ ਨੂੰ ਰੋਜਮਰਾ ਦੀ ਜਿੰਦਗੀ ਵਿੱਚ ਜਰੂਰਤ ਵਾਲੀਆਂ ਵਸਤਾਂ ਦੁੱਧ ਅਤੇ ਸਬਜੀਆਂ ਵੀ ਪ੍ਰਭਾਵਿੱਤ ਹੋਈਆਂ ਹਨ। ਪਿੰਡ ਰੋਝਾਂਵਾਲੀ ਵਿੱਚ ਰਤੀਆ ਬੁਢਲਾਡਾ ਰੋਡ ਨੂੰ ਪੁੱਟ ਕੇ ਕਰੀਬ 10 ਫੁੱਟ ਡੂੰਘਾ ਅਤੇ 15 ਫੁੱਟ ਚੌੜਾ ਟੋਆ ਪਾ ਦਿੱਤਾ ਤਾਂ ਜੋ ਕਿਸਾਨ ਲੰਘ ਨਾ ਸਕਣ। ਹਜ਼ਾਰਾਂ ਟਨ ਬੱਜਰੀ ਵਾਲਾ ਰੋਡ ਰੋਲਰ ਸੜਕ ਦੇ ਵਿਚਕਾਰ ਹੀ ਰੋਕ ਦਿੱਤਾ ਗਿਆ ਹੈ। ਰੋਡ ਰੋਲਰ ਦੇ ਦੋਵੇਂ ਪਾਸੇ ਮਿੱਟੀ, ਲੋਹੇ ਦੇ ਬੈਰੀਕੇਡ ਅਤੇ ਕੰਡਿਆਲੀ ਤਾਰ ਨਾਲ ਢੱਕੇ ਹੋਏ ਹਨ। ਪੁਲਿਸ ਨੇ ਸੜਕ ਦੇ ਵਿਚਕਾਰ ਲੋਹੇ ਦੇ ਖੰਭੇ ਲਗਾਉਣ ਦੇ ਨਾਲ ਨਾਲ ਪੁਲ ਦੀ ਰੇਲਿੰਗ ਦੇ ਨਾਲ ਕੰਕਰੀਟ ਦੇ ਬਲਾਕਾਂ ਦੀ ਦੀਵਾਰ ਵੀ ਵੈਲਡਿੰਗ ਕੀਤੀ ਹੈ। ਇੱਥੇ ਟੋਏ, ਬੈਰੀਕੇਡ, ਲੋਹੇ ਦੀ ਕੰਡਿਆਲੀ ਤਾਰ, ਸੜਕ ਤੇ ਨੁਕੀਲੇ ਮੇਖਾਂ, ਮਿੱਟੀ ਦੀਆਂ ਕੰਧਾਂ ਅਤੇ ਵੱਖ ਵੱਖ ਪਰਤਾਂ ਨਾਲ ਬਾਰਡਰ ਦੀ ਸੁਰੱਖਿਆ ਕੀਤੀ ਗਈ ਹੈ।
