ਭਾਰਤੀ ਧੀਆਂ ਨੇ ਬੈਡਮਿੰਟਨ ’ਚ ਰਚਿਆ ਇਤਿਹਾਸ, ਏਸ਼ੀਆ ਟੀਮ ਚੈਂਪੀਅਨਸ਼ਿਪ ’ਚ ਮਹਿਲਾ ਟੀਮ ਨੇ ਪਹਿਲੀ ਵਾਰ ਜਿੱਤਿਆ ਗੋਲਡ

ਨਵੀਂ ਦਿੱਲੀ : ਸਟਾਰ ਸ਼ਟਲਰ ਅਨਮੋਲ ਖਰਬ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਦਮ ’ਤੇ ਭਾਰਤੀ ਮਹਿਲਾ ਬੈਡਮਿੰਟਨ ਟੀਮ ਨੇ ਐਤਵਾਰ ਨੂੰ ਏਸ਼ੀਆ ਟੀਮ ਚੈਂਪੀਅਨਸ਼ਿਪ ਦੇ ਫਾਈਨਲ ’ਚ ਥਾਈਲੈਂਡ ਨੂੰ ਹਰਾ ਕੇ ਇਤਿਹਾਸ ਰਚ ਦਿੱਤਾ। ਭਾਰਤੀ ਕੁੜੀਆਂ ਨੇ ਦਿਲਚਸਪ ਮੁਕਾਬਲੇ ’ਚ 3-2 ਨਾਲ ਜਿੱਤ ਦਰਜ ਕਰਦਿਆਂ ਟੂਰਨਾਮੈਂਟ ’ਚ ਆਪਣਾ ਪਹਿਲਾ ਗੋਲਡ ਮੈਡਲ ਜਿੱਤਿਆ। ਇਸ ਤੋਂ ਪਹਿਲਾਂ ਭਾਰਤ ਨੇ ਇਸ ਟੂਰਨਾਮੈਂਟ ’ਚ ਦੋ ਮੈਡਲ ਜਿੱਤੇ ਸਨ ਜਿਸ ’ਚ ਪੁਰਸ਼ ਟੀਮ ਨੇ 2016 ਤੇ 2020 ’ਚ ਕਾਂਸੇ ਦਾ ਮੈਡਲ ਜਿੱਤਿਆ ਸੀ। ਮਲੇਸ਼ੀਆ ਦੇ ਸ਼ਾਹ ਆਲਮ ’ਚ ਖੇਡੇ ਗਏ ਟੂਰਨਾਮੈਂਟ ’ਚ ਦੋ ਵਾਰ ਓਲੰਪਿਕ ਮੈਡਲ ਜੇਤੂ ਪੀਵੀ ਸਿੰਧੂ ਨੇ ਪਹਿਲੇ ਸਿੰਗਲਜ਼ ਮੁਕਾਬਲੇ ’ਚ ਹਮਲਾਵਰ ਖੇਡ ਦਿਖਾਉਂਦਿਆਂ ਦੁਨੀਆ ਦੀ 17ਵੇਂ ਨੰਬਰ ਦੀ ਖਿਡਾਰੀ ਸੁਪਨਿਦਾ ਕਾਤੇਥੋਂਗ ਨੂੰ ਸਿੱਧੀ ਗੇਮ ’ਚ 21-12 ਨਾਲ ਹਰਾਇਆ। ਡਬਲਜ਼ ਮੁਕਾਬਲੇ ’ਚ ਤ੍ਰੀਸਾ ਜਾਲੀ ਤੇ ਗਾਇਤਰੀ ਗੋਪੀਚੰਦ ਨੇ ਸ਼ਾਨਦਾਰ ਲੈਅ ਜਾਰੀ ਰੱਖਦਿਆਂ ਆਪਣੇ ਤੋਂ ਉੱਚੀ ਰੈਂਕਿੰਗ ਵਾਲੀ ਜੋਂਗਕੋਲਫਾਨ ਕਿਤਿਥਾਰਾਕੁਲ ਤੇ ਰਾਵਿੰਡਾ ਪ੍ਰਾ ਜੋਂਗਜਈ ਦੀ ਜੋੜੀ ਨੂੰ 21-16, 18-21, 21-16 ਨਾਲ ਹਰਾ ਕੇ ਭਾਰਤ ਨੂੰ 2-0 ਨਾਲ ਅੱਗੇ ਕਰ ਦਿੱਤਾ। ਸੈਮੀਫਾਈਨਲ ’ਚ ਸਾਬਕਾ ਵਿਸ਼ਵ ਚੈਂਪੀਅਨ ਜਾਪਾਨੀ ਖਿਡਾਰੀ ਨੋਜ਼ੋਮੀ ਓਕੁਹਾਰਾ ਨੂੰ ਹਰਾਉਣ ਵਾਲੀ ਅਸ਼ਮਿਤਾ ਚਹਿਲਾ ਨੂੰ ਦੂਜੇ ਸਿੰਗਲਜ਼ ਮੈਚ ’ਚ ਬੁਸਾਨਨ ਓਂਗਬਾਮਰੁੰਗਫਾਨ ਨੇ 11-21, 14-21 ਨਾਲ ਹਰਾਇਆ। ਇਸ ਤੋਂ ਬਾਅਦ ਭਾਰਤ ਦੂਜਾ ਡਬਲਜ਼ ਮੁਕਾਬਲਾ ਵੀ ਹਾਰ ਗਿਆ। ਸ਼ਰੁਤੀ ਮਿਸ਼ਰਾ ਤੇ ਪਿ੍ਰਆ ਕੋਂਜੇਂਗੇਬਾਮ ਨੂੰ ਬੇਨਯਾਪਾ ਐਮਸਾਰਡ ਤੇ ਨੁਨਟਾਕਰਨ ਐਮਸਾਰਡ ਦੀ ਜੋੜੀ ਤੋਂ 11-21, 9-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਮੈਚ ਹੁਣ 2-2 ਦੀ ਬਰਾਬਰੀ ’ਤੇ ਸੀ ਤੇ ਭਾਰਤ ਨੂੰ ਇਤਿਹਾਸਕ ਗੋਲਡ ਮੈਡਲ ਦਿਵਾਉਣ ਦਾ ਦਾਰੋਮਦਾਰ ਅਨਮੋਲ ’ਤੇ ਸੀ। ਅਨਮੋਲ ਨੇ ਪੋਰਨਪਿਚਾ ਚੋਇਕੀਵੋਂਗ ਨੂੰ 21-14, 21-9 ਨਾਲ ਹਰਾ ਕੇ ਭਾਰਤ ਨੂੰ ਗੋਲਡ ਮੈਡਲ ਦਿਵਾ ਦਿੱਤਾ। ਭਾਰਤ ਦੀ ਇਸ ਸ਼ਾਨਦਾਰ ਜਿੱਤ ਤੋਂ ਬਾਅਦ ਸਾਰੀਆਂ ਖਿਡਾਰਣਾਂ ਨੇ ਅਨਮੋਲ ਨੂੰ ਗਲ਼ੇ ਲਗਾ ਲਿਆ।
