ਭਾਰਤ ਬੰਦ ਦੀ ਕਾਮਯਾਬੀ ਲਈ ਮੁਕੇਰੀਆਂ ਵਿਚ ਕਿਸਾਨ ਜਥੇਬੰਦੀਆਂ ਦੀ ਅਹਿਮ ਮੀਟਿੰਗ

ਮੁਕੇਰੀਆਂ (ਜਸਵੀਰ ਸਿੰਘ ਪੁਰੇਵਾਲ)ਸੰਯੁਕਤ ਕਿਸਾਨ ਮੋਰਚਾ, ਟਰੇਡ ਯੂਨੀਅਨਾਂ ਅਤੇ ਮਜਦੂਰ ਸੰਗਠਨਾਂ ਵਲੋਂ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਖਿਲਾਫ 16 ਫਰਵਰੀ ਨੂੰ ਦਿੱਤੇ ਭਾਰਤ ਬੰਦ ਦੇ ਸਮਰਥਨ ਵਿਚ ਅੱਜ ਮੁਕੇਰੀਆਂ ਦੀਆਂ ਕਿਸਾਨ ਜਥੇਬੰਦੀਆਂ ਨੇ ਸਾਂਝੀ ਮੀਟਿੰਗ ਕੀਤੀ। ਮੀਟਿੰਗ ਵਿੱਚ ਜਮਹੂਰੀ ਕਿਸਾਨ ਸਭਾ,ਪੰਜਾਬ ਤੋਂ ਜਿਲ੍ਹਾ ਪ੍ਰਧਾਨ ਸਵਰਨ ਸਿੰਘ , ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਤੋਂ ਡਾਕਟਰ ਜਤਿੰਦਰ ਕਾਲੜਾ,ਦੋਆਬਾ ਕਿਸਾਨ ਕਮੇਟੀ ਤੋਂ ਦਲਜੀਤ ਮੰਝਪੁਰ, ਭਾਰਤੀ ਕਿਸਾਨ ਯੂਨੀਅਨ ਕਾਦੀਆਂ ਤੋਂ ਲਖਬੀਰ ਸਿੰਘ, ਪੰਜਾਬ ਕਿਸਾਨ ਯੂਨੀਅਨ ਤੋਂ ਅਸ਼ੋਕ ਮਹਾਜਨ, ਪੱਗੜ੍ਹੀ ਸੰਭਾਲ ਜੱਟਾ ਤੋਂ ਪਰਮਜੀਤ ਬੱਬੂ ਆਦਿ ਸ਼ਾਮਲ ਹੋਏ। ਇਸ ਮੌਕੇ ਕਿਸਾਨੀ ਮੰਗਾਂ ਦੀ ਪ੍ਰਾਪਤੀ ਲਈ ਸੰਯੁਕਤ ਕਿਸਾਨ ਮੋਰਚਾ , ਮੁਕੇਰੀਆਂ ਦਾ ਗਠਨ ਕੀਤਾ ਗਿਆ। ਮੀਡੀਆ ਨੂੰ ਜਾਣਕਾਰੀ ਦਿੰਦੇ ਹੋਇਆਂ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ , ਪੰਜਾਬ ਦੇ ਜਨਰਲ ਸਕੱਤਰ ਧਰਮਿੰਦਰ ਸਿੰਘ ਨੇ ਦਸਿਆ ਕਿ 16 ਤਾਰੀਕ ਨੂੰ ਮਾਤਾ ਰਾਣੀ ਚੋਕ ਵਿਖੇ ਇਕੱਤਰ ਹੋ ਕੇ ਸਵੇਰੇ 11.00 ਤੋਂ ਬਾਅਦ ਦੁਪਹਿਰ 3.00 ਵਜੇ ਤਕ ਮੁਕੇਰੀਆਂ ਵਿਚ ਮੁਕਮੰਲ ਬੰਦ ਰਖਿਆ ਜਾਵੇਗਾ। ਬੰਦ ਦੀ ਸਫ਼ਲਤਾ ਲਈ ਸਥਾਨਕ ਵਪਾਰ ਮੰਡਲਾਂ, ਮੁਲਾਜ਼ਮ ਯੂਨੀਅਨਾਂ, ਮਜਦੂਰ ਸੰਗਠਨਾਂ , ਟਰੱਕ , ਟੈਕਸੀ ਆਟੋ ਯੂਨੀਅਨਾਂ ਨਾਲ ਰਾਬਤਾ ਕਰਨ ਲਈ ਕਮੇਟੀ ਦਾ ਗਠਨ ਕੀਤਾ ਗਿਆ ਹੈ, ਇਸਤੋਂ ਇਲਾਵਾ 14 ਤਾਰੀਕ ਨੂੰ ਮੁਕੇਰੀਆਂ ਹਲਕੇ ਦੇ ਵੱਖ ਵੱਖ ਕਸਬਿਆਂ ਵਿਚ ਮੋਟਰ ਸਾਇਕਲ ‘ ਤੇ ਝੰਡਾ ਮਾਰਚ ਕੱਢ ਕੇ ਆਮ ਲੋਕਾਂ ਨੂੰ ਲਾਮਬੰਦ ਅਤੇ ਬੰਦ ਦੀ ਅਪੀਲ ਕੀਤੀ ਜਾਵੇਗੀ । ਸਕੂਲੀ ਵਿਦਿਆਰਥੀਆਂ ਦੀਆਂ ਸਲਾਨਾ ਪ੍ਰੀਖਿਆਵਾਂ ਅਤੇ ਐਮਰਜੰਸੀ ਸੇਵਾਵਾਂ ਨੂੰ ਬਹਾਲ ਰੱਖਣ ਲਈ ਪੁਲਿਸ ਦਾ ਸਹਿਯੋਗ ਕੀਤਾ ਜਾਵੇਗਾ। ਇਸ ਮੌਕੇ ਕਿਸਾਨ ਮੋਰਚੇ ਦੇ ਆਗੂਆਂ ਨੇ 16 ਫਰਵਰੀ ਦੇ ਬੰਦ ਨੂੰ ਕਾਮਯਾਬ ਕਰਨ ਲਈ ਆਮ ਲੋਕਾਂ ਤੋਂ ਭਰਪੂਰ ਸਹਿਯੋਗ ਅਤੇ ਲੰਬਾ ਸਫ਼ਰ ਕਰਨ ਵਾਲਿਆਂ ਨੂੰ ਯਾਤਰਾ ਕਰਨ ਤੋਂ ਗੁਰੇਜ ਕਰਨ ਦੀ ਅਪੀਲ ਕੀਤੀ।ਹੋਰਨਾਂ ਤੋਂ ਇਲਾਵਾ ਇਸ ਮੌਕੇ ਹਰਭਜਨ ਸਿੰਘ ਮੌਲ੍ਹਾ, ਬਚਨ ਸਿੰਘ, ਜੀਤ ਸਿੰਘ ਬੈਂਸ , ਤਜਿੰਦਰ ਜੱਟ ਭੰਗਾਲਾ, ਸੁਖਵਿੰਦਰ ਟੇਰਕਿਆਣਾ, ਤਰਲੋਕ ਸਿੰਘ ਕਾਲੂ ਚਾਹੰਗ, ਅਮਰਜੀਤ ਕਾਨੂੰਗੋ ਆਦਿ ਹਾਜਰ ਸਨ।
