September 27, 2025
#National

ਭਾਸ਼ਾ ਕਨਵੈਨਸ਼ਨ ਅਤੇ ਪੁਸਤਕ ਲੋਕ ਅਰਪਣ ਸਮਾਗਮ

ਭਵਾਨੀਗੜ੍ਹ (ਵਿਜੈ ਗਰਗ) ਸਾਹਿਤ ਸਿਰਜਣਾ ਮੰਚ, ਭਵਾਨੀਗੜ੍ਹ ਵੱਲੋਂ ਮੈਡਮ ਸ਼ਸ਼ੀ ਬਾਲਾ, ਡੀ.ਐੱਮ. ਪੰਜਾਬੀ, ਐੱਸ.ਆਰ.ਪੀ.ਮਿਸ਼ਨ ਸਮਰੱਥ, ਦੇ ਦਿਸ਼ਾ ਨਿਰਦੇਸ਼ ਹੇਠ ਸਰਕਾਰੀ ਪ੍ਰਾਇਮਰੀ ਸਕੂਲ (ਕੁ) ਭਵਾਨੀਗੜ੍ਹ ਵਿਖੇ ਭਾਸ਼ਾ ਕਨਵੈਨਸ਼ਨ ਕਰਵਾਈ ਗਈ ਜਿਸ ਵਿੱਚ ਮੁੱਖ ਬੁਲਾਰੇ ਵਜੋਂ ਉੱਘੇ ਭਾਸ਼ਾ ਵਿਗਿਆਨੀ ਜੰਗ ਸਿੰਘ ਫੱਟੜ ਨੇ ਸ਼ਮੂਲੀਅਤ ਕੀਤੀ। ਇਸ ਕਨਵੈਨਸ਼ਨ ਵਿੱਚ ਉਹਨਾਂ ਨੇ ਗੁਰਮੁਖੀ ਲਿਪੀ ਨੂੰ ਇੱਕ ਵੱਖਰੇ ਅਤੇ ਨਿਵੇਕਲੇ ਦ੍ਰਿਸ਼ਟੀਕੋਣ ਤੋਂ ਵੇਖਦਿਆਂ ਇਸ ਨੂੰ ਹੋਰ ਸਮਰੱਥ ਬਣਾਉਣ ਲਈ ਬਿੰਦੀ, ਅੱਧਕ ਅਤੇ ਟਿੱਪੀ ਦੀ ਵਰਤੋਂ ਲਈ ਬੜੇ ਵੱਡਮੁੱਲੇ ਸੁਝਾਅ ਪੇਸ਼ ਕੀਤੇ। ਇਸ ਸਮਾਗਮ ਵਿੱਚ ਸ ਕਮਲਜੀਤ ਸਿੰਘ ਟਿੱਬਾ, ਪ੍ਰਿੰਸੀਪਲ ਗੰਗਾ ਸਾਗਰ ਕਾਲਜ ਧੂਰੀ, ਸ੍ਰੀ ਰਾਜ ਕੁਮਾਰ, ਬੀ. ਐੱਮ. ਪੰਜਾਬੀ ਸੰਗਰੂਰ, ਡੀ. ਆਰ.ਪੀ.ਮਿਸ਼ਨ ਸਮਰੱਥ ਅਤੇ ਗੁਰਬਾਣੀ ਵਿਆਕਰਨ ਦੇ ਉੱਘੇ ਵਿਦਵਾਨ ਸ: ਨਿਹਾਲ ਸਿੰਘ ਮਾਨ ਨੇ ਵਿਸ਼ੇਸ਼ ਬੁਲਾਰਿਆਂ ਵੱਜੋ ਸ਼ਿਰਕਤ ਕੀਤੀ। ਪੰਜਾਬੀ ਸਾਹਿਤ ਸਭਾ ਧੂਰੀ ਦੇ ਜਰਨਲ ਸਕੱਤਰ ਚਰਨਜੀਤ ਸਿੰਘ ਮੀਮਸਾ ਅਤੇ ਪ੍ਰਧਾਨ ਮੂਲ ਚੰਦ ਸ਼ਰਮਾ ਜੀ ਵੀ ਇਸ ਪ੍ਰੋਗਰਾਮ ਵਿੱਚ ਉਚੇਚੇ ਤੌਰ ਤੇ ਸ਼ਾਮਲ ਹੋਏ। ਇਸ ਮੌਕੇ ਪੰਜਾਬੀ ਲੋਕ-ਬੋਲੀਆਂ ਅਤੇ ਮਲਵਈ ਗਿੱਧੇ ਦੀ ਪੁਨਰ-ਸੁਰਜੀਤੀ ਲਈ ਪੂਰੀ ਦੁਨੀਆਂ ਵਿੱਚ ਨਾਮਣਾ ਖੱਟਣ ਵਾਲੇ ਸ: ਦਲਬਾਰ ਸਿੰਘ ਚੱਠੇ ਸੇਖਵਾਂ ਦੀ ਪੁਸਤਕ ‘ਦੁੱਲਾ-ਭੱਟੀ’ ਵੀ ਲੋਕ ਅਰਪਣ ਕੀਤੀ ਗਈ। ਅੰਤ ਵਿੱਚ ਅੰਤਰ-ਰਾਸ਼ਟਰੀ ਨਾਰੀ ਦਿਵਸ ਨੂੰ ਸਮਰਪਿਤ ਕਵੀ ਦਰਬਾਰ ਕਰਵਾਇਆ ਗਿਆ ਜਿਸ ਵਿੱਚ ਗੁਰੀ ਚੰਦੜ, ਕਰਨੈਲ ਸਿੰਘ ਬੀਂਬੜ, ਗੁਰਦੀਪ ਸਿੰਘ ਮਾਝੀ, ਉਮੇਸ਼ ਘਈ, ਹਰਵੀਰ ਸਿੰਘ ਬਾਗੀ, ਮੀਤ ਸਕਰੌਦੀ, ਜਗਤਾਰ ਨਿਮਾਣਾ, ਬਲਜੀਤ ਸਿੰਘ ਬਾਂਸਲ, ਮਨਦੀਪ ਕੌਰ ਰਾਮਪੁਰਾ, ਪ੍ਰਗਟ ਸਿੰਘ ਘੁਮਾਣ, ਰਘਵੀਰ ਸਿੰਘ ਭਵਾਨੀਗੜ੍ਹ, ਮਹਿੰਦਰਜੀਤ ਸਿੰਘ ਧੂਰੀ ਅਤੇ ਨੰਨ੍ਹੇ ਫਨਕਾਰ ਭਗਤ ਸਿੰਘ ਨੇ ਆਪੋ ਆਪਣੀਆਂ ਰਚਨਾਵਾਂ ਸੁਣਾ ਕੇ ਰੰਗ ਬੰਨ੍ਹ ਦਿੱਤਾ। ਸਾਹਿਤ ਸਿਰਜਣਾ ਮੰਚ, ਭਵਾਨੀਗੜ੍ਹ ਦੇ ਪ੍ਰਧਾਨ ਕੁਲਵੰਤ ਖਨੌਰੀ ਅਤੇ ਸਮੁੱਚੇ ਅਹੁਦੇਦਾਰਾਂ ਵੱਲੋਂ ਪਹੁੰਚੇ ਵਿਦਵਾਨਾਂ ਦਾ ਸਨਮਾਨ ਕੀਤਾ ਗਿਆ। ਮੰਚ ਸੰਚਾਲਨ ਦੀ ਜ਼ਿੰਮੇਵਾਰੀ ਜੰਟੀ ਬੇਤਾਬ ਵੱਲੋਂ ਨਿਭਾਈ ਗਈ।

Leave a comment

Your email address will not be published. Required fields are marked *