ਭੂਸ਼ਨ ਸ਼ੇਖੜੀ ਨੇ ਐਸ.ਐਚ.ਓ. ਸ਼ਾਹਕੋਟ ਦਾ ਚਾਰਜ਼ ਸੰਭਲਿਆ

ਸ਼ਾਹਕੋਟ/ਮਲਸੀਆ (ਬਿੰਦਰ ਕੁਮਾਰ) ਮਾਡਲ ਥਾਣਾ ਸ਼ਾਹਕੋਟ ਦੇ ਐਸ.ਐਚ.ਓ. ਇੰਸਪੈਕਟਰ ਯਾਦਵਿੰਦਰ ਸਿੰਘ ਦੀ ਬਦਲੀ ਹੋਣ ਕਾਰਨ, ਉਨ੍ਹਾਂ ਦੀ ਜਗ੍ਹਾਂ ਪੁਲਿਸ ਲਾਈਨ ਜਲੰਧਰ ਤੋਂ ਬਦਲ ਕੇ ਆਏ ਇੰਸਪੈਕਟਰ ਭੂਸ਼ਨ ਸ਼ੇਖੜੀ ਵੱਲੋਂ ਮਾਡਲ ਥਾਣਾ ਸ਼ਾਹਕੋਟ ਵਿਖੇ ਬਤੌਰ ਐਸ.ਐਚ.ਓ. ਆਪਣਾ ਚਾਰਜ਼ ਸੰਭਾਲ ਲਿਆ ਗਿਆ ਹੈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਨਵੇਂ ਆਏ ਐਸ.ਐਚ.ਓ. ਭੂਸ਼ਨ ਸ਼ੇਖੜੀ ਨੇ ਕਿਹਾ ਕਿ ਥਾਣੇ ਵਿੱਚ ਹਰ ਆਮ ਅਤੇ ਖਾਸ ਵਿਅਕਤੀ ਨੂੰ ਬਰਾਬਰ ਸਮਝਿਆ ਜਾਵੇਗਾ। ਉਨ੍ਹਾਂ ਕਿਹਾ ਕਿ ਮਾੜੇ ਅਨਸਰਾਂ ਤੇ ਨਕੇਲ ਕੱਸੀ ਜਾਵੇਗੀ ਅਤੇ ਪਬਲਿਕ ਦੇ ਸਹਿਯੋਗ ਨਾਲ ਮਾੜੇ ਅਨਸਰਾਂ ਨੂੰ ਕਾਬੂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਆ ਰਹੀ ਟ੍ਰ੍ਰੈਫਿਕ ਸਮੱਸਿਆ ਦਾ ਵੀ ਨਗਰ ਪੰਚਾਇਤ ਦੇ ਅਧਿਕਾਰੀਆਂ ਦੇ ਸਹਿਯੋਗ ਨਾਲ ਜਲਦੀ ਹੱਲ ਕੱਢਿਆ ਜਾਵੇਗਾ। ਉਨ੍ਹਾਂ ਕਿਹਾ ਕਿ 1 ਜੂਨ ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ਸਬੰਧੀ ਪੁਲਿਸ ਪ੍ਰਸਾਸ਼ਨ ਵੱਲੋਂ ਹਰੇਕ ਵਿਅਕਤੀ ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ ਅਤੇ ਲੋਕ ਬਿਨ੍ਹਾਂ ਕਿਸੇ ਡਰ ਅਤੇ ਲਾਲਚ ਦੇ ਆਪਣੇ ਕੀਮਤੀ ਵੋਟ ਦਾ ਇਸਤੇਮਾਲ ਕਰਨ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਵਿਅਕਤੀ ਕਿਸੇ ਵੋਟਰ ਨੂੰ ਡਰਾਵੇ, ਧਮਕਾਵੇ ਜਾਂ ਕਿਸੇ ਵੀ ਤਰ੍ਹਾਂ ਦਾ ਲਾਲਚ ਦੇਵੇ ਤਾਂ ਉਸ ਬਾਰੇ ਸੂਚਨਾ ਮਿਲਣ ਤੇ ਸਖ਼ਤ ਐਕਸ਼ਨ ਲਿਆ ਜਾਵੇਗਾ। ਉਨ੍ਹਾਂ ਲੋਕ ਸਭਾ ਚੋਣਾਂ ਦੌਰਾਨ ਪੁਲਿਸ ਨੂੰ ਬਣਦਾ ਸਹਿਯੋਗ ਦੇਣ ਦੀ ਵੀ ਅਪੀਲ ਕੀਤੀ।
